Tue, Jun 23, 2026
Whatsapp

CM Mann Viral Video Case : 'ਭਗਵੰਤ ਮਾਨ ਨੂੰ ਕਲੀਨਚਿੱਟ ਲਈ ਲੈਬ ਮਾਲਕਾਂ ਨੂੰ ਦਿੱਤੀ ਗਈ ਸੀ ਰਿਸ਼ਵਤ'; ਬਿਕਰਮ ਮਜੀਠੀਆ ਦਾ ਵੱਡਾ ਦਾਅਵਾ

CM Mann Viral Video Case : ਮਜੀਠੀਆ ਨੇ ਕਿਹਾ ਕਿ ਕ੍ਰਾਊਨ ਪਲਾਜ਼ਾ ਹੋਟਲ ਵਿੱਚ ਇਕ ਅਹਿਮ ਮੀਟਿੰਗ ਹੋਈ ਸੀ, ਜਿਸ ਵਿੱਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੀ ਸ਼ਾਮਲ ਸਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਐਸਪੀ ਸਾਈਬਰ ਕ੍ਰਾਇਮ ਜਸ਼ਨਦੀਪ ਵੱਲੋਂ ਜਸਪ੍ਰੀਤ ਨੂੰ 10 ਲੱਖ ਰੁਪਏ ਦਿੱਤੇ ਗਏ।

Reported by:  PTC News Desk  Edited by:  KRISHAN KUMAR SHARMA -- June 23rd 2026 06:38 PM -- Updated: June 23rd 2026 07:04 PM
CM Mann Viral Video Case : 'ਭਗਵੰਤ ਮਾਨ ਨੂੰ ਕਲੀਨਚਿੱਟ ਲਈ ਲੈਬ ਮਾਲਕਾਂ ਨੂੰ ਦਿੱਤੀ ਗਈ ਸੀ ਰਿਸ਼ਵਤ'; ਬਿਕਰਮ ਮਜੀਠੀਆ ਦਾ ਵੱਡਾ ਦਾਅਵਾ

CM Mann Viral Video Case : 'ਭਗਵੰਤ ਮਾਨ ਨੂੰ ਕਲੀਨਚਿੱਟ ਲਈ ਲੈਬ ਮਾਲਕਾਂ ਨੂੰ ਦਿੱਤੀ ਗਈ ਸੀ ਰਿਸ਼ਵਤ'; ਬਿਕਰਮ ਮਜੀਠੀਆ ਦਾ ਵੱਡਾ ਦਾਅਵਾ

CM Mann Viral Video Case : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਵੱਡਾ ਦਾਅਵਾ ਕੀਤਾ ਹੈ। ਅਕਾਲੀ ਆਗੂ ਨੇ ਪੰਜਾਬ ਸਰਕਾਰ ਵੱਲੋਂ ਵੀਡੀਓ ਦੀ ਰਿਪੋਰਟ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ ਅਤੇ ਸੀਐਮ ਮਾਨ ਨੂੰ ਕਲੀਨਚਿੱਟ ਦਿਵਾਉਣ ਲਈ ਲੈਬ ਮਾਲਕਾਂ ਨੂੰ ਰਿਸ਼ਵਤ ਦੇਣ ਬਾਰੇ ਦਾਅਵਾ ਕੀਤਾ ਹੈ। ਉਨ੍ਹਾਂ ਨੇ ਰਿਸ਼ਵਤ ਦੇਣ ਦਾ ਦਾਅਵਾ ਕਰਦੇ ਹੋਏ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਬਾਰੇ ਕਿਹਾ ਗਿਆ ਹੈ ਕਿ ਇਹ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਲੈਬ ਮਾਲਕਾਂ ਵਿਚਾਲੇ ਸੌਦੇ ਦੀ ਹੈ।

'ਭਗਵੰਤ ਮਾਨ ਦੀ ਥਾਂ ਕਿਸੇ ਹੋਰ ਦੀ ਵੀਡੀਓ ਹੁੰਦੀ ਤਾਂ...'


ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਕਿਸੇ ਹੋਰ ਵਿਅਕਤੀ ਦੀ ਅਜਿਹੀ ਵੀਡੀਓ ਸਾਹਮਣੇ ਆਈ ਹੁੰਦੀ ਤਾਂ ਸਿੱਖ ਪੰਥ ਵੱਲੋਂ ਕਾਫੀ ਸਖ਼ਤ ਫ਼ੈਸਲਾ ਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਗੁਰੂ ਸਾਹਿਬਾਨ ਅੱਗੇ ਅਰਦਾਸ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅਤੇ ਆਪਣੀਆਂ ਭੁੱਲਾਂ ਦੀ ਮਾਫ਼ੀ ਮੰਗਦੀਆਂ ਹਨ, ਇਸ ਲਈ ਗੁਰੂ ਸਾਹਿਬਾਨਾਂ ਪ੍ਰਤੀ ਅਦਬ-ਸਤਿਕਾਰ ਸਭ ਤੋਂ ਉੱਪਰ ਹੈ।

ਮਜੀਠੀਆ ਨੇ ਦੋਸ਼ ਲਗਾਇਆ ਕਿ ਗੁਰੂ ਸਾਹਿਬਾਨਾਂ ਦੀ ਤਸਵੀਰ ਉੱਤੇ ਸ਼ਰਾਬ ਦੇ ਛਿੱਟੇ ਪੈਣ ਵਾਲੇ ਮਾਮਲੇ ਵਿੱਚ ਸਿਰਫ਼ ਇਸ ਲਈ ਕਾਰਵਾਈ ਨਹੀਂ ਹੋਈ ਕਿਉਂਕਿ ਇਸ ਨਾਲ ਮੁੱਖ ਮੰਤਰੀ ਦਾ ਨਾਮ ਜੁੜਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਮਣੇ ਪੇਸ਼ ਹੋ ਕੇ ਸੰਬੰਧਤ ਵੀਡੀਓ ਨੂੰ AI ਰਾਹੀਂ ਤਿਆਰ ਕੀਤੀ ਗਈ ਦੱਸਿਆ ਗਿਆ ਸੀ।

ਵੀਡੀਓ ਨੂੰ ਲੈ ਕੇ ਮਜੀਠੀਆ ਨੇ ਲਾਏ ਇਲਜ਼ਾਮ

ਮਜੀਠੀਆ ਨੇ ਕਿਹਾ ਕਿ ਕ੍ਰਾਊਨ ਪਲਾਜ਼ਾ ਹੋਟਲ ਵਿੱਚ ਇਕ ਅਹਿਮ ਮੀਟਿੰਗ ਹੋਈ ਸੀ, ਜਿਸ ਵਿੱਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੀ ਸ਼ਾਮਲ ਸਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਐਸਪੀ ਸਾਈਬਰ ਕ੍ਰਾਇਮ ਜਸ਼ਨਦੀਪ ਵੱਲੋਂ ਜਸਪ੍ਰੀਤ ਨੂੰ 10 ਲੱਖ ਰੁਪਏ ਦਿੱਤੇ ਗਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਤੋਂ ਰਿਪੋਰਟ ਤਿਆਰ ਕਰਵਾਈ ਗਈ, ਉਹ ਨਾ ਤਾਂ ਆਡੀਓ ਅਤੇ ਨਾ ਹੀ ਵੀਡੀਓ ਫੋਰੈਂਸਿਕ ਦੇ ਮਾਹਿਰ ਹਨ।

ਵੀਡੀਓ ਦੇ ਸਬੰਧ ਵਿੱਚ ਹੋਟਲ ਦੇ ਇੱਕ ਬਿੱਲ ਦੀ ਕਾਪੀ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਸਵਪਨ ਸ਼ਰਮਾ ਦੇ ਨਾਮ 'ਤੇ ਬਿੱਲ ਕੱਟਿਆ ਗਿਆ ਹੈ। 

ਲੈਬ ਮਾਲਕ ਦੀ ਜਾਨ ਨੂੰ ਦੱਸਿਆ ਖ਼ਤਰਾ

ਮਜੀਠੀਆ ਮੁਤਾਬਕ ਲੈੱਬ ਨਾਲ ਸਬੰਧਤ ਜਾਣਕਾਰੀ ਸਾਹਮਣੇ ਆਉਣ ਕਾਰਨ ਜਸਪ੍ਰੀਤ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜਸਪ੍ਰੀਤ ਨੂੰ ਜਦੋਂ ਗੁਰੂ ਦੋਖੀਆਂ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਮਜੀਠੀਆ ਨੇ ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਜਸਪ੍ਰੀਤ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜਸਪ੍ਰੀਤ ਨੂੰ ਮੁੱਖ ਗਵਾਹ ਬਣਾਇਆ ਜਾਵੇ।

ਵੀਡੀਓ ਬਾਰੇ ਸ਼੍ਰੋਮਣੀ ਅਕਾਲੀ ਦਲ ਕੋਲ ਪੂਰੇ ਤੱਥ : ਅਰਸ਼ਦੀਪ ਕਲੇਰ

ਵੀਡੀਓ ਰਿਪੋਰਟ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਠਾਏ ਗਏ ਮੁੱਦਿਆਂ ਸਬੰਧੀ ਅਕਾਲੀ ਦਲ ਕੋਲ ਪੂਰੇ ਤੱਥ ਮੌਜੂਦ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਕਲੇਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਪਾਰਟੀ ਅਦਾਲਤ ਦਾ ਰੁਖ ਕਰੇਗੀ ਅਤੇ ਸਾਰੇ ਤੱਥ ਮੀਡੀਆ ਸਾਹਮਣੇ ਰੱਖੇ ਜਾਣਗੇ। ਉਨ੍ਹਾਂ ਜਸਪ੍ਰੀਤ ਸਿੰਘ ਜੱਸੀ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK