Bhagwant Mann Video Controversy : 'ਗੁਰੂ ਦੋਖੀ ਤੇ ਪੰਥ ਵਿਰੋਧੀ' ਪੋਸਟਰਾਂ ਤੋਂ ਲੈ ਕੇ ਫਰਜ਼ੀ ਰਿਪੋਰਟਾਂ ਦੇ ਖੁਲਾਸੇ ਤੱਕ, ਜਾਣੋ ਹੁਣ ਤੱਕ ਕੀ ਕੁਝ ਹੋਇਆ
CM Mann Viral Video Case : ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਦਾ ਮਾਮਲਾ ਭਖਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ਵਿੱਚ ਹਰਿਆਣਾ ਦੀ ਗੁਰੂਗ੍ਰਾਮ ਪੁਲਿਸ ਦੀ ਵੀ ਐਂਟਰੀ ਹੋਈ ਜਿਸ ਨੇ ਮਾਮਲੇ ਵਿੱਚ ਅਰੁਣ ਤੇ ਅੰਕਿਤ ਨਾਮ ਦੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ। ਇਹ ਐਫਆਈਆਰ ਜਸਪ੍ਰੀਤ ਸਿੰਘ ਜੱਸੀ ਨਾਮ ਦੇ ਵਿਅਕਤੀ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਹੈ, ਜਿਸ ਦੇ ਲੈਬ ਮਾਲਕ ਹੋਣ ਬਾਰੇ ਦੱਸਿਆ ਗਿਆ ਹੈ। ਉਸ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਏ ਹਨ ਕਿ ਉਸ ਨੂੰ ਸੀਐਮ ਮਾਨ ਨਾਲ ਸਬੰਧਤ ਵੀਡੀਓ ਲਈ ਫਰਜ਼ੀ ਰਿਪੋਰਟਾਂ ਤਿਆਰ ਕਰਨ ਲਈ ਰਿਸ਼ਵਤ ਦਿੱਤੀ ਗਈ ਅਤੇ ਨਾਲ ਹੀ ਰਿਪੋਰਟ ਤਿਆਰ ਨਾ ਕਰਨ ਲਈ ਧਮਕੀਆਂ ਵੀ ਦਿੱਤੀਆਂ ਗਈਆਂ।
ਜਾਣਕਾਰੀ ਅਨੁਸਾਰ, ਮਾਮਲਾ ਪੁਲਿਸ ਸਟੇਸ਼ਨ ਡੀਐਲਐਫ ਸੈਕਟਰ-29, ਗੁਰੂਗ੍ਰਾਮ ਵਿਖੇ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ। ਦੋਵਾਂ ਮੁਲਜ਼ਮਾਂ ਦੀ ਪਛਾਣ 25 ਸਾਲਾ ਅੰਕਿਤ ਮਹੇਂਦਰੂ, ਵਾਸੀ ਅਗਰਸੈਨ ਕਾਲੋਨੀ, ਸਿਰਸਾ ਅਤੇ 25 ਸਾਲਾ ਅੰਕਿਤ ਵਾਸੀ ਖਰਕ ਗਾਗਰ, ਜ਼ਿਲ੍ਹਾ ਜੀਂਦ ਵਜੋਂ ਹੋਈ ਹੈ।
ਪੰਜਾਬ ਸਰਕਾਰ ਸੀਨੀਅਰ ਅਧਿਕਾਰੀਆਂ 'ਤੇ ਇਲਜ਼ਾਮ
ਸ਼ਿਕਾਇਤ ਦੇ ਅਨੁਸਾਰ, ਸ਼ਿਕਾਇਤਕਰਤਾ, ਜੋ ਕਿ ਡਿਜੀਟਲ ਫੋਰੈਂਸਿਕ, ਸਾਈਬਰ ਜਾਂਚ ਅਤੇ ਇਲੈਕਟ੍ਰਾਨਿਕ ਸਬੂਤ ਵਿਸ਼ਲੇਸ਼ਣ ਵਿੱਚ ਸ਼ਾਮਲ ਹੈ, ਨਾਲ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਵੱਲੋਂ ਸੰਪਰਕ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੂੰ ਇੱਕ ਵਾਇਰਲ ਵੀਡੀਓ ਸੰਬੰਧੀ ਇੱਕ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਸੀ, ਜੋ ਵੀਡੀਓ ਵਿੱਚ ਦੇਖੇ ਗਏ ਵਿਅਕਤੀ ਦੀ ਪਛਾਣ ਤੋਂ ਇਨਕਾਰ ਕਰੇਗੀ ਅਤੇ ਪਹਿਲਾਂ ਤੋਂ ਨਿਰਧਾਰਤ ਸਿੱਟਿਆਂ ਦੇ ਅਨੁਸਾਰ, ਵੀਡੀਓ ਨਾਲ ਸਬੰਧਤ ਸਾਰੇ ਦੋਸ਼ਾਂ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੇਗੀ।
ਜਾਅਲੀ ਰਿਪੋਰਟਾਂ ਤਿਆਰ ਕਰਨ ਲਈ 10 ਲੱਖ ਰੁਪਏ ਦਿੱਤੇ ਗਏ
ਸ਼ਿਕਾਇਤਕਰਤਾ ਦੇ ਅਨੁਸਾਰ, ਇਸ ਉਦੇਸ਼ ਲਈ ਉਸ ਨਾਲ ਵੱਖ-ਵੱਖ ਵਿਅਕਤੀਆਂ ਵੱਲੋਂ ਸੰਪਰਕ ਕੀਤਾ ਗਿਆ ਸੀ ਅਤੇ ਰਿਪੋਰਟਾਂ ਕਥਿਤ ਤੌਰ 'ਤੇ ਜਾਅਲੀ ਜਾਂ ਸ਼ੱਕੀ ਸਾਈਬਰ ਅਤੇ ਫੋਰੈਂਸਿਕ ਏਜੰਸੀਆਂ ਦੇ ਨਾਮ 'ਤੇ ਤਿਆਰ ਕੀਤੀਆਂ ਗਈਆਂ ਸਨ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸਨੂੰ ਰਿਪੋਰਟਾਂ ਤਿਆਰ ਕਰਨ ਲਈ ਇੱਕ ਵੱਡੀ ਵਿੱਤੀ ਪੇਸ਼ਕਸ਼ ਕੀਤੀ ਗਈ ਸੀ ਅਤੇ ਰਿਪੋਰਟਾਂ ਨੂੰ ਇੱਕ ਖਾਸ ਸਿੱਟੇ ਵੱਲ ਨਿਰਦੇਸ਼ਤ ਕਰਨ ਲਈ ਵਾਰ-ਵਾਰ ਸੋਧਿਆ ਗਿਆ ਸੀ।
ਮਾਮਲੇ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਸ਼ਿਕਾਇਤਕਰਤਾ ਨੂੰ ਕਥਿਤ ਤੌਰ 'ਤੇ ₹10 ਲੱਖ ਦੀ ਨਕਦ ਅਦਾਇਗੀ ਕੀਤੀ ਗਈ ਸੀ, ਅਤੇ ਰਿਪੋਰਟਾਂ ਤਿਆਰ ਕਰਨ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਵੀ ਵੱਖ-ਵੱਖ ਤਰੀਕਿਆਂ ਨਾਲ ਭੁਗਤਾਨ ਕੀਤਾ ਗਿਆ ਸੀ।
ਐਫਆਈਆਰ ਦੀ ਕਾਪੀ ਵੇਖਣ ਲਈ ਕਰੋ ਕਲਿੱਕ...
ਸ਼ਿਕਾਇਤਕਰਤਾ ਦੀ ਬਾਅਦ ਵਿੱਚ ਕੀਤੀ ਗਈ ਤੱਥ-ਖੋਜ ਜਾਂਚ ਨੇ ਸਬੰਧਤ ਸੰਸਥਾਵਾਂ ਅਤੇ ਰਿਪੋਰਟਾਂ ਦੀ ਭਰੋਸੇਯੋਗਤਾ ਬਾਰੇ ਗੰਭੀਰ ਸ਼ੱਕ ਪੈਦਾ ਕੀਤੇ। ਜਦੋਂ ਸ਼ਿਕਾਇਤਕਰਤਾ ਨੇ ਇਤਰਾਜ਼ ਕੀਤਾ, ਤਾਂ ਉਸਨੂੰ ਕਥਿਤ ਤੌਰ 'ਤੇ ਧਮਕੀ ਦਿੱਤੀ ਗਈ ਅਤੇ ਮਾਮਲਾ ਜਨਤਕ ਨਾ ਕਰਨ ਲਈ ਦਬਾਅ ਪਾਇਆ ਗਿਆ।
ਸ਼ਿਕਾਇਤਕਰਤਾ ਨੇ ਪਰਿਵਾਰ ਨੂੰ ਦੱਸਿਆ ਖ਼ਤਰਾ
ਇਸ ਦੇ ਨਾਲ ਹੀ ਜਸਪ੍ਰੀਤ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ। ਉਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਤੱਥ ਸਾਹਮਣੇ ਲਿਆਉਣ ਤੋਂ ਬਾਅਦ ਉਸ ਨੂੰ ਆਪਣੀ ਜਾਨ ਨੂੰ ਖ਼ਤਰਾ ਮਹਿਸੂਸ ਹੋ ਰਿਹਾ ਹੈ। ਇਸ ਲਈ ਉਸ ਨੇ ਹਰਿਆਣਾ ਪੁਲਿਸ ਕੋਲ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਸੰਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਖੈਰ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਹੁਣ ਸਿਰਫ ਕਥਿਤ ਵਾਇਰਲ ਵੀਡੀਓ ਦੇ ਅਸਲੀ ਜਾਂ ਨਕਲੀ ਹੋਣ ਤੱਕ ਸੀਮਤ ਨਹੀਂ ਰਹਿ ਗਿਆ ਹੈ। ਸਗੋਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਫੋਰੈਂਸਿਕ ਸਬੂਤ ਵੀ ਸਵਾਲਾਂ ਦੇ ਘੇਰੇ ’ਚ ਆ ਗਏ ਹਨ।
ਪੰਜਾਬ ਦੇ ਪਿੰਡਾਂ 'ਚ ਪੋਸਟਰਾਂ ਰਾਹੀਂ ਮੁੱਖ ਮੰਤਰੀ ਦਾ ਵਿਰੋਧ
ਦੂਜੇ ਪਾਸੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵੀਡੀਓ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਏ ਗਏ ਹੁਕਮ ਨੂੰ ਲਾਗੂ ਕਰਾਉਣ ਲਈ ਪਿੰਡਾਂ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਪੋਸਟਰ ਲਗਾਏ ਜਾ ਰਹੇ ਹਨ। ਦੱਸ ਦਈਏ ਕਿ ਇਹ ਪੋਸਟਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੇ ਗਏ ਹਨ। ਪੋਸਟਰ ’ਤੇ ਲਿਖਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼। ਭਗਵੰਤ ਮਾਨ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਹੈ। ਸੰਗਤ ਇਸ ਨੂੰ ਮੂੰਹ ਨਾ ਲਾਵੇ।
ਮੁੱਖ ਮੰਤਰੀ ਮਾਨ ਨੇ ਪੇਸ਼ ਕੀਤੀ 'ਮਾਸਕ' ਵੀਡੀਓ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਆਪਣਾ ਪੱਖ ਰੱਖਦਿਆਂ ਹੁਣ 'ਮਾਸਕ' ਦਾ ਜ਼ਿਕਰ ਕੀਤਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਵੀਡੀਓ ਵਿੱਚ ਉਹ ਨਹੀਂ ਹਨ ਅਤੇ ਵੀਡੀਓ ਵਿਚਲੇ ਵਿਅਕਤੀ ਦਾ ਕੱਦ ਵੀ ਮੇਚ ਨਹੀਂ ਹੁੰਦਾ। ਇਸ ਦੇ ਨਾ ਹੀ ਉਨ੍ਹਾਂ ਨੇ ਕਿਸੇ ਵਿਅਕਤੀ ਵੱਲੋਂ ਇਹ ਵੀਡੀਓ ਮਾਸਕ (CM Mask Video) ਪਾ ਕੇ ਬਣਾਏ ਜਾਣ ਬਾਰੇ ਦਾਅਵਾ ਕੀਤਾ। ਇਸ ਸਬੰਧ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਹੋਰ ਵੱਲੋਂ 'ਮਾਸਕ' ਪਾ ਕੇ ਵੀਡੀਓ ਬਣਾਏ ਜਾਣ ਦੀ ਗੱਲ 'ਤੇ ਸ਼੍ਰੋਮਣੀ ਅਕਾਲੀ ਦਲ (Shiromani akali Dal) ਨੇ ਤਿੱਖਾ ਨਿਸ਼ਾਨ ਲਾਇਆ ਹੈ। ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ (Parambans Singh Bunty Romana) ਨੇ ਭਗਵੰਤ ਮਾਨ ਨਾਲ ਜੁੜੇ ਵਿਵਾਦਤ ਵੀਡੀਓ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਜਾਂਚ ਰਿਪੋਰਟਾਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਸ ਰਿਪੋਰਟ ਦੇ ਆਧਾਰ 'ਤੇ ਸਰਕਾਰ ਆਪਣਾ ਪੱਖ ਰੱਖ ਰਹੀ ਹੈ, ਉਸ ਰਿਪੋਰਟ ਵਿੱਚ ਹੀ ਕਈ ਵਿਰੋਧਾਭਾਸ ਸਾਹਮਣੇ ਆ ਰਹੇ ਹਨ।
ਵਿਵਾਦਤ ਵੀਡੀਓ ਨੂੰ ਲੈ ਕੇ ਪਹਿਲਾਂ ਕੀਤਾ ਗਿਆ ਸੀ ਤਲਬ
ਦੱਸਣਯੋਗ ਹੈ ਕਿ ਜਨਵਰੀ ਮਹੀਨੇ ’ਚ ਸੀਐਮ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਵੀ ਕੀਤਾ ਗਿਆ ਸੀ। ਸੀਐਮ ਨੂੰ ਤਲਬ ਕਰਨ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੀਆਂ ਕਈ ਵੀਡੀਓਜ਼ ਨੂੰ ਲੈ ਕੇ ਉਨ੍ਹਾਂ ਕੋਲ ਸ਼ਿਕਾਇਤਾਂ ਵੀ ਪੁੱਜੀਆਂ ਹਨ, ਜੋ ਕਿ ਕਈ ਵੱਡੇ-ਵੱਡੇ ਲੋਕਾਂ ਵੱਲੋਂ ਕੀਤੀਆਂ ਗਈਆਂ ਹਨ।
ਕੀ ਹੈ ਵੀਡੀਓ ’ਚ
ਕਥਿਤ ਵਾਇਰਲ ਵੀਡੀਓ ’ਚ ਕਥਿਤ ਤੌਰ 'ਤੇ ਭਗਵੰਤ ਮਾਨ ਦੇ ਸ਼ਰਾਬ ਪੀਣ ਅਤੇ 10 ਗੁਰੂ ਸਾਹਿਬਾਨ ਦੀਆਂ ਤਸਵੀਰਾਂ 'ਤੇ ਦਾਰੂ ਦੇ ਛਿੱਟੇ ਮਾਰਨ ਦੇ ਦ੍ਰਿਸ਼ ਵਿਖਾਈ ਦਿੱਤੇ ਹਨ। ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨਾਲ ਵੀ ਅਜਿਹਾ ਹੀ ਕੁਝ ਕਰਦੇ ਹੋਏ ਦਿਖਾਈ ਦੇ ਰਹੇ ਸਨ।
ਇਹ ਵੀ ਪੜ੍ਹੋ : 1st July Weather Update : ਪੰਜਾਬ ’ਚ 1 ਜੁਲਾਈ ਤੋਂ ਬਦਲ ਸਕਦਾ ਹੈ ਮੌਸਮ ਦਾ ਮਿਜ਼ਾਜ; ਪ੍ਰੀ-ਮੌਨਸੂਨ ਗਤੀਵਿਧੀਆਂ ਦੀ ਸੰਭਾਵਨਾ
- PTC NEWS