ਮਨੋਰੰਜਨ ਜਗਤ ਲਈ ਵੱਡਾ ਝਟਕਾ: ਸਭ ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ਵਾਲੇ ਤਾਰੀ ਬਾਬਾ ਸਮਾਲਸਰ ਦਾ ਦੁਬਈ ਚ ਦੇਹਾਂਤ

ਆਪਣੀਆਂ ਮਜ਼ਾਹੀਆ ਗੱਲਾਂ ਅਤੇ ਹਸਾਉਣ ਵਾਲੇ ਅੰਦਾਜ਼ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਉਣ ਵਾਲਾ ਤਾਰੀ ਬਾਬਾ ਸਮਾਲਸਰ ਹੁਣ ਸਾਡੇ ਵਿਚਕਾਰ ਨਹੀਂ ਰਿਹਾ।

By  Amritpal Singh August 19th 2026 04:33 PM

ਆਪਣੀਆਂ ਮਜ਼ਾਹੀਆ ਗੱਲਾਂ ਅਤੇ ਹਸਾਉਣ ਵਾਲੇ ਅੰਦਾਜ਼ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਉਣ ਵਾਲਾ ਤਾਰੀ ਬਾਬਾ ਸਮਾਲਸਰ ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਸਭ ਨੂੰ ਹਸਾਉਣ ਵਾਲੇ ਇਸ ਹੱਸਮੁੱਖ ਇਨਸਾਨ ਨੇ ਦੁਬਈ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਆਖਰੀ ਸਾਹ ਲਏ, ਜਿਸ ਨਾਲ ਉਸ ਦੇ ਚਾਹੁਣ ਵਾਲਿਆਂ ਅਤੇ ਪ੍ਰਸ਼ੰਸਕਾਂ 'ਚ ਸ਼ੋਕ ਦੀ ਲਹਿਰ ਦੌੜ ਗਈ ਹੈ।

ਸਾਹ ਲੈਣ 'ਚ ਦਿੱਕਤ ਆਉਣ ਤੋਂ ਬਾਅਦ ਕੀਤਾ ਗਿਆ ਸੀ ਦਾਖ਼ਲ

ਮਿਲੀ ਜਾਣਕਾਰੀ ਮੁਤਾਬਕ ਤਾਰੀ ਬਾਬਾ ਨੂੰ ਪਿਛਲੇ ਕੁਝ ਦਿਨਾਂ ਤੋਂ ਸਾਹ ਲੈਣ 'ਚ ਕਾਫ਼ੀ ਦਿੱਕਤ ਆ ਰਹੀ ਸੀ। ਤਬੀਅਤ ਜ਼ਿਆਦਾ ਵਿਗੜਨ 'ਤੇ ਉਸ ਨੂੰ ਤੁਰੰਤ ਦੁਬਈ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਅਫ਼ਸੋਸ, ਸਭ ਦੇ ਚਿਹਰਿਆਂ 'ਤੇ ਹਾਸੇ ਵੰਡਣ ਵਾਲਾ ਇਹ ਫ਼ਨਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ।

ਹਰ ਘਰ 'ਚ ਹਾਸੇ ਵੰਡਣ ਵਾਲਾ ਅੱਜ ਸਭ ਨੂੰ ਰੋਵਾ ਗਿਆ

ਤਾਰੀ ਬਾਬਾ ਸਮਾਲਸਰ ਨੇ ਆਪਣੇ ਦੇਸੀ ਅੰਦਾਜ਼ ਅਤੇ ਪਿਆਰੀ ਮੁਸਕਾਨ ਨਾਲ ਹਰ ਉਮਰ ਦੇ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਸੀ। ਸੋਸ਼ਲ ਮੀਡੀਆ 'ਤੇ ਉਸ ਦੀਆਂ ਵੀਡੀਓਜ਼ ਆਉਂਦੇ ਹੀ ਲੱਖਾਂ ਲੋਕਾਂ ਦੇ ਦੁੱਖ-ਦਰਦ ਭੁਲਾ ਦਿੰਦੀਆਂ ਸਨ। ਪਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਦੂਜਿਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਵਾਲਾ ਇਹ ਸ਼ਖ਼ਸ ਇੰਨੀ ਜਲਦੀ ਸਭ ਦੀਆਂ ਅੱਖਾਂ 'ਚ ਹੰਝੂ ਛੱਡ ਕੇ ਚਲਾ ਜਾਵੇਗਾ।

ਉਸ ਦੇ ਅਚਾਨਕ ਅਕਾਲ ਚਲਾਣੇ 'ਤੇ ਪੰਜਾਬੀ ਭਾਈਚਾਰੇ, ਸੋਸ਼ਲ ਮੀਡੀਆ ਸਟਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਤਾਰੀ ਬਾਬਾ ਦੇ ਜਾਣ ਨਾਲ ਜੋ ਘਾਟਾ ਪਿਆ ਹੈ, ਉਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।

Related Post