Dense Fog ਕਾਰਨ ਵਾਪਰਿਆ ਭਿਆਨਕ ਸੜਕੀ ਹਾਦਸਾ, ਇੱਕ ਵਿਅਕਤੀ ਦੀ ਮੌਤ, 5 ਲੋਕ ਗੰਭੀਰ ਜ਼ਖਮੀ

ਜਾਣਕਾਰੀ ਮੁਤਾਬਕ ਸਵੇਰੇ ਦੇ ਸਮੇਂ ਇਲਾਕੇ ਵਿੱਚ ਧੁੰਦ ਇੰਨੀ ਸੰਘਣੀ ਸੀ ਕਿ ਸਾਹਮਣੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਦੌਰਾਨ ਘਰੇਲੂ ਗੈਸ ਸਿਲੰਡਰਾਂ ਨਾਲ ਭਰਿਆ ਇੱਕ ਟਰੱਕ ਨਹਿਰ ਸੜਕ ਰਾਹੀਂ ਲੰਘ ਰਿਹਾ ਸੀ। ਪਿੰਡ ਅਜਨੋਦ ਦੇ ਨੇੜੇ ਅਚਾਨਕ ਇੱਕ ਕਾਰ ਟਰੱਕ ਦੇ ਸਾਹਮਣੇ ਆ ਗਈ।

By  Aarti December 28th 2025 12:43 PM

Khanna Accident News : ਖੰਨਾ ਵਿੱਚ ਸੰਘਣੀ ਧੁੰਦ ਕਾਰਨ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਦੋਰਾਹਾ ਤੋਂ ਲੁਧਿਆਣਾ ਵੱਲ ਜਾਂਦੀ ਨਹਿਰ ਸੜਕ ’ਤੇ ਪਿੰਡ ਅਜਨੋਦ ਦੇ ਨੇੜੇ ਹੋਇਆ, ਜਿੱਥੇ ਇਕ ਤੋਂ ਬਾਅਦ ਇਕ ਕਈ ਵਾਹਨ ਆਪਸ ਵਿੱਚ ਟਕਰਾ ਗਏ। ਇਸ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਕ ਸਵੇਰੇ ਦੇ ਸਮੇਂ ਇਲਾਕੇ ਵਿੱਚ ਧੁੰਦ ਇੰਨੀ ਸੰਘਣੀ ਸੀ ਕਿ ਸਾਹਮਣੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਦੌਰਾਨ ਘਰੇਲੂ ਗੈਸ ਸਿਲੰਡਰਾਂ ਨਾਲ ਭਰਿਆ ਇੱਕ ਟਰੱਕ ਨਹਿਰ ਸੜਕ ਰਾਹੀਂ ਲੰਘ ਰਿਹਾ ਸੀ। ਪਿੰਡ ਅਜਨੋਦ ਦੇ ਨੇੜੇ ਅਚਾਨਕ ਇੱਕ ਕਾਰ ਟਰੱਕ ਦੇ ਸਾਹਮਣੇ ਆ ਗਈ। ਕਾਰ ਨੂੰ ਬਚਾਉਣ ਲਈ ਟਰੱਕ ਡਰਾਈਵਰ ਨੇ ਤੁਰੰਤ ਬ੍ਰੇਕ ਲਗਾਈ, ਜਿਸ ਕਾਰਨ ਟਰੱਕ ਵਿੱਚ ਲੋਡ ਕੀਤੇ ਕੁਝ ਗੈਸ ਸਿਲੰਡਰ ਸੜਕ ’ਤੇ ਡਿੱਗ ਪਏ।

ਅੱਗੇ ਵਾਪਰੀ ਇਸ ਘਟਨਾ ਕਾਰਨ ਪਿੱਛੋਂ ਆ ਰਹੇ ਵਾਹਨਾਂ ਨੇ ਵੀ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਸੀਮੈਂਟ ਨਾਲ ਭਰਿਆ ਇੱਕ ਭਾਰੀ ਟਰੱਕ ਸਮੇਂ ਸਿਰ ਨਹੀਂ ਰੁਕ ਸਕਿਆ ਅਤੇ ਅੱਗੇ ਖੜ੍ਹੇ ਵਾਹਨਾਂ ਨਾਲ ਟੱਕਰ ਮਾਰ ਬੈਠਾ। ਕੁਝ ਹੀ ਪਲਾਂ ਵਿੱਚ ਕਈ ਵਾਹਨ ਇੱਕ ਦੂਜੇ ਨਾਲ ਟਕਰਾ ਗਏ, ਜਿਸ ਨਾਲ ਮੌਕੇ ’ਤੇ ਹਫੜਾ-ਦਫੜੀ ਮਚ ਗਈ ਅਤੇ ਸੜਕ ਪੂਰੀ ਤਰ੍ਹਾਂ ਜਾਮ ਹੋ ਗਈ।

ਹਾਦਸਾ ਬਹੁਤ ਵੱਡੀ ਤਬਾਹੀ ਵਿੱਚ ਤਬਦੀਲ ਹੋ ਸਕਦਾ ਸੀ, ਪਰ ਖੁਸ਼ਕਿਸਮਤੀ ਨਾਲ ਕੋਈ ਧਮਾਕਾ ਨਹੀਂ ਹੋਇਆ। ਕਿਉਂਕਿ ਟਰੱਕ ਘਰੇਲੂ ਗੈਸ ਸਿਲੰਡਰ ਲੈ ਕੇ ਜਾ ਰਿਹਾ ਸੀ, ਜੇਕਰ ਕਿਸੇ ਵੀ ਸਿਲੰਡਰ ਵਿੱਚ ਲੀਕ ਹੋ ਜਾਂ ਅੱਗ ਲੱਗ ਜਾਂਦੀ, ਤਾਂ ਜਾਨੀ ਤੇ ਮਾਲੀ ਨੁਕਸਾਨ ਕਈ ਗੁਣਾ ਵੱਧ ਸਕਦਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਗੈਸ ਸਿਲੰਡਰ ਇੱਕ ਵਾਹਨ ਦੇ ਹੇਠਾਂ ਫਸ ਗਿਆ ਸੀ, ਜਿਸ ਕਾਰਨ ਮੌਕੇ ’ਤੇ ਦਹਿਸ਼ਤ ਦਾ ਮਾਹੌਲ ਬਣ ਗਿਆ।

ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਾ ਵਿਅਕਤੀ ਵਾਹਨ ਦੇ ਹੇਠਾਂ ਫਸੇ ਗੈਸ ਸਿਲੰਡਰ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਦੌਰਾਨ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਤੁਰੰਤ ਮੌਕੇ ’ਤੇ ਪਹੁੰਚ ਗਿਆ। ਸਬ-ਇੰਸਪੈਕਟਰ ਸੁਖਦੇਵ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਸੜਕ ਸੁਰੱਖਿਆ ਬਲ ਵੱਲੋਂ ਟ੍ਰੈਫਿਕ ਨੂੰ ਕਾਬੂ ਵਿੱਚ ਲਿਆਂਦਾ ਗਿਆ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Phagwara ’ਚ ਪ੍ਰਵਾਸੀ ਨੇ ਕੀਤਾ ਪੰਜਾਬੀ ਵਿਅਕਤੀ ਦਾ ਕਤਲ, ਖੇਤੀਬਾੜੀ ਦਾ ਕੰਮ ਕਰਨ ਲਈ ਰੱਖਿਆ ਸੀ ਪ੍ਰਵਾਸੀ

Related Post