Accident In Guatemala : ਗੁਆਟੇਮਾਲਾ ’ਚ ਵਾਪਰਿਆ ਵੱਡਾ ਹਾਦਸਾ; ਖੱਡ ’ਚ ਡਿੱਗੀ ਬੱਸ, ਹਾਦਸੇ ’ਚ 15 ਲੋਕਾਂ ਦੀ ਮੌਤ
Accident In Guatemala : ਦੱਖਣੀ ਅਮਰੀਕੀ ਦੇਸ਼ ਗੁਆਟੇਮਾਲਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪੱਛਮੀ ਗੁਆਟੇਮਾਲਾ ਵਿੱਚ ਇੰਟਰ-ਅਮਰੀਕਨ ਹਾਈਵੇਅ 'ਤੇ ਇੱਕ ਟੂਰ ਬੱਸ ਦੇ ਖੱਡ ਵਿੱਚ ਡਿੱਗਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ 19 ਲੋਕ ਜ਼ਖਮੀ ਵੀ ਹੋਏ ਹਨ। ਗੁਆਟੇਮਾਲਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇੰਟਰ-ਅਮਰੀਕਨ ਹਾਈਵੇਅ ਦਾ ਦੂਰ-ਦੁਰਾਡੇ ਖੇਤਰ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਧਿਕਾਰੀਆਂ ਅਨੁਸਾਰ ਸ਼ਨੀਵਾਰ ਨੂੰ ਪੱਛਮੀ ਗੁਆਟੇਮਾਲਾ ਵਿੱਚ ਇੰਟਰ-ਅਮਰੀਕਨ ਹਾਈਵੇਅ 'ਤੇ ਇੱਕ ਯਾਤਰੀ ਬੱਸ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ। ਸਥਾਨਕ ਫਾਇਰ ਵਿਭਾਗ ਦੇ ਬੁਲਾਰੇ ਲੀਐਂਡਰੋ ਅਮਾਡੋ ਨੇ ਕਿਹਾ ਕਿ ਮ੍ਰਿਤਕਾਂ ਵਿੱਚ 11 ਪੁਰਸ਼, ਤਿੰਨ ਔਰਤਾਂ ਅਤੇ ਇੱਕ ਨਾਬਾਲਗ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਲਗਭਗ 19 ਜ਼ਖਮੀ ਯਾਤਰੀਆਂ ਨੂੰ ਘਟਨਾ ਸਥਾਨ ਤੋਂ ਕੱਢਿਆ ਗਿਆ ਅਤੇ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ।
ਇਹ ਹਾਦਸਾ ਸੋਲੋਲ ਸੂਬੇ ਵਿੱਚ ਹਾਈਵੇਅ ਦੇ ਕਿਲੋਮੀਟਰ ਪੁਆਇੰਟ 172 ਅਤੇ 174 ਦੇ ਵਿਚਕਾਰ ਵਾਪਰਿਆ। ਇਹ ਇਲਾਕਾ ਸੰਘਣੀ ਧੁੰਦ ਲਈ ਜਾਣਿਆ ਜਾਂਦਾ ਹੈ, ਜਿਸ ਕਾਰਨ ਅਕਸਰ ਡਰਾਈਵਰਾਂ ਲਈ ਦੇਖਣਾ ਮੁਸ਼ਕਲ ਹੋ ਜਾਂਦਾ ਹੈ। ਫਾਇਰ ਵਿਭਾਗ ਦੁਆਰਾ ਜਾਰੀ ਕੀਤੀਆਂ ਗਈਆਂ ਫੋਟੋਆਂ ਵਿੱਚ ਬੱਸ ਇੱਕ ਡੂੰਘੀ ਖੱਡ ਵਿੱਚ ਡਿੱਗੀ ਹੋਈ ਹੈ, ਅਤੇ ਬਚਾਅ ਟੀਮਾਂ ਮੌਕੇ 'ਤੇ ਕੰਮ ਕਰ ਰਹੀਆਂ ਹਨ।
- PTC NEWS