ਉਡਾਨ 'ਚ ਮੁਸਾਫ਼ਰ ਦੀ ਵਿਗੜੀ ਸਿਹਤ, ਐਮਰਜੈਂਸੀ ਲੈਂਡਿੰਗ ਦੇ ਬਾਵਜੂਦ ਨਹੀਂ ਬਚੀ ਜਾਨ

By  Ravinder Singh January 15th 2023 11:21 AM -- Updated: January 15th 2023 11:23 AM

ਇੰਦੌਰ : ਇਕ 60 ਸਾਲਾ ਯਾਤਰੀ ਦੀ ਸਿਹਤ ਵਿਗੜਨ ਤੋਂ ਬਾਅਦ ਮਦੁਰਾਈ ਤੋਂ ਦਿੱਲੀ ਜਾ ਰਹੀ ਇਕ ਨਿੱਜੀ ਏਅਰਲਾਈਨ ਦੀ ਉਡਾਨ ਦੇ ਰਸਤੇ ਨੂੰ ਬਦਲੇ ਹੋਏ ਐਮਰਜੈਂਸੀ ਵਿਚ ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ 'ਤੇ ਲੈਂਡਿੰਗ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤਬੀਅਤ ਖ਼ਰਾਬ ਉਪਰੰਤ ਮੁਸਾਫ਼ਰ ਨੂੰ ਹਵਾਈ ਅੱਡੇ ਦੇ ਨੇੜੇ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।



ਹਵਾਈ ਅੱਡੇ ਦੇ ਇੰਚਾਰਜ ਨਿਰਦੇਸ਼ਕ ਪ੍ਰਬੋਧ ਚੰਦਰ ਸ਼ਰਮਾ ਨੇ  ਦੱਸਿਆ, ''ਸ਼ੁਰੂਆਤੀ ਜਾਣਕਾਰੀ ਮੁਤਾਬਕ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 6E-2088 'ਤੇ ਸਵਾਰ ਅਤੁਲ ਗੁਪਤਾ (60) ਦੇ ਮੂੰਹ 'ਚੋਂ ਖੂਨ ਵਗ ਰਿਹਾ ਸੀ ਅਤੇ ਉਸ ਦੀ ਮੌਤ ਹੋ ਗਈ। ”

ਉਨ੍ਹਾਂ ਦੱਸਿਆ ਕਿ ਮੈਡੀਕਲ ਐਮਰਜੈਂਸੀ ਕਾਰਨ ਮਦੁਰਾਈ-ਦਿੱਲੀ ਫਲਾਈਟ ਨੂੰ ਇੰਦੌਰ ਵੱਲ ਮੋੜ ਦਿੱਤਾ ਗਿਆ ਤੇ ਸਥਾਨਕ ਹਵਾਈ ਅੱਡੇ 'ਤੇ ਉਤਾਰਿਆ ਗਿਆ। ਸ਼ਰਮਾ ਨੇ ਦੱਸਿਆ ਕਿ ਗੁਪਤਾ ਨੂੰ ਹਵਾਈ ਅੱਡੇ ਤੋਂ ਨਿੱਜੀ ਹਸਪਤਾਲ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਗੁਪਤਾ ਨੂੰ ਹਵਾਈ ਅੱਡੇ ਤੋਂ ਹਸਪਤਾਲ ਲੈ ਕੇ ਜਾਣ ਵਾਲੇ ਡਾਕਟਰ ਅਨੁਸਾਰ ਉਹ ਪਹਿਲਾਂ ਹੀ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਪੀੜਤ ਸੀ।

ਇਹ ਵੀ ਪੜ੍ਹੋ : ਠੰਢ ਤੋਂ ਅਜੇ ਨਹੀਂ ਮਿਲੇਗੀ ਰਾਹਤ, ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਹੋਰ ਛਿੜੇਗਾ ਕਾਂਬਾ

ਸ਼ਰਮਾ ਨੇ ਦੱਸਿਆ ਕਿ ਯਾਤਰੀ ਨੂੰ ਹਸਪਤਾਲ ਭੇਜਣ ਲਈ ਇੰਦੌਰ ਹਵਾਈ ਅੱਡੇ 'ਤੇ ਉਤਾਰਨ ਤੋਂ ਬਾਅਦ ਇੰਡੀਗੋ ਦੀ ਮਦੁਰਾਈ-ਦਿੱਲੀ ਫਲਾਈਟ ਅਸਲ ਮੰਜ਼ਿਲ ਲਈ ਰਵਾਨਾ ਹੋ ਗਈ। ਏਅਰੋਡਰੋਮ ਥਾਣੇ ਦੇ ਇਕ ਸਬ-ਇੰਸਪੈਕਟਰ ਨੇ ਦੱਸਿਆ ਕਿ ਅਤੁਲ ਗੁਪਤਾ ਨੋਇਡਾ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

Related Post