Barnala News : 17 ਸਾਲਾ ਨਾਬਾਲਗ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਦੁਸ਼ਕਰਮ , 3 ਲੋਕਾਂ ਖਿਲਾਫ਼ ਮਾਮਲਾ ਦਰਜ
Barnala News : ਬਰਨਾਲਾ ਸਿਟੀ ਪੁਲਿਸ ਸਟੇਸ਼ਨ ਵਿੱਚ ਇੱਕ 17 ਸਾਲਾ ਨਾਬਾਲਗ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੂੰ ਅਤੇ ਉਸਦੀ 24 ਸਾਲਾ ਸਹੇਲੀ ਨੂੰ ਸੋਸ਼ਲ ਮੀਡੀਆ ਜ਼ਰੀਏ ਦੋਸਤੀ ਕਰਨ ਵਾਲੇ ਦੋ ਨੌਜਵਾਨਾਂ ਨੇ ਵਿਆਹ ਦਾ ਝਾਂਸਾ ਦੇ ਕੇ ਜਿਨਸੀ ਸ਼ੋਸ਼ਣ ਕੀਤਾ ਹੈ। ਪੀੜਤ ਲੜਕੀ ਦੇ ਅਨੁਸਾਰ ਉਸਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਗੁਰਨਾਮ ਸਿੰਘ ਨਾਲ ਲੰਬੇ ਸਮੇਂ ਤੋਂ ਔਨਲਾਈਨ ਦੋਸਤੀ ਸੀ। ਗੁਰਨਾਮ ਸਿੰਘ ਦੇ ਚਚੇਰੇ ਭਰਾ ਕਰਨ ਸਿੰਘ ਨਾਲ ਵੀ ਉਸਦੀ ਸਹੇਲੀ ਦੀ ਦੋਸਤੀ ਹੋ ਗਈ ਸੀ।
1 ਦਸੰਬਰ 2025 ਨੂੰ ਦੋਵੇਂ ਨੌਜਵਾਨ ਬਰਨਾਲਾ ਪਹੁੰਚੇ ਅਤੇ ਬੱਸ ਸਟੈਂਡ ਦੇ ਨੇੜੇ ਦੋ ਕਮਰੇ ਬੁੱਕ ਕੀਤੇ। ਉੱਥੇ ਉਨ੍ਹਾਂ ਨੇ ਵਿਆਹ ਦੇ ਬਹਾਨੇ ਨਾਬਾਲਗ ਲੜਕੀ ਅਤੇ ਉਸਦੀ ਸਹੇਲੀ ਨਾਲ ਸਰੀਰਕ ਸਬੰਧ ਬਣਾਏ। ਅਗਲੀ ਸਵੇਰ ਦੋਵੇਂ ਦੋਵੇਂ ਆਰੋਪੀ ਬਿਨਾਂ ਕਿਸੇ ਨੂੰ ਦੱਸੇ ਭੱਜ ਗਏ। ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦੇ ਆਧਾਰ 'ਤੇ ਬਰਨਾਲਾ ਸਿਟੀ ਪੁਲਿਸ ਸਟੇਸ਼ਨ ਵਿੱਚ ਪੋਕਸੋ ਐਕਟ ਦੀ ਧਾਰਾ 6 ਅਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 376(2)(n) ਅਤੇ 120-B ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਂਚ ਵਿੱਚ ਸਾਹਮਣੇ ਆਇਆ ਕਿ ਹੋਟਲ ਬੀ-ਟਾਊਨ ਦੇ ਪ੍ਰਬੰਧਕਾਂ ਨੇ ਕੁੜੀਆਂ ਦੀ ਉਮਰ ਦੀ ਜਾਂਚ ਕੀਤੇ ਬਿਨਾਂ ਹੀ ਕਮਰੇ ਦੇ ਦਿੱਤੇ ਸਨ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਇੱਕ ਨਾਬਾਲਗ ਲੜਕੀ ਨਾਲ ਗਲਤ ਕੰਮ ਹੋ ਰਿਹਾ ਹੈ। ਇਸ ਲਈ ਹੋਟਲ ਮਾਲਕ ਅੰਮ੍ਰਿਤ ਪਾਲ ਸਿੰਘ (ਰਾਏਕੋਟ ਨਿਵਾਸੀ) ਨੂੰ ਵੀ ਆਰੋਪੀ ਬਣਾਇਆ ਗਿਆ ਹੈ।
ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਆਰੋਪੀ ਗੁਰਨਾਮ ਸਿੰਘ, ਕਰਨ ਸਿੰਘ ਅਤੇ ਹੋਟਲ ਮਾਲਕ ਅੰਮ੍ਰਿਤ ਪਾਲ ਸਿੰਘ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਸ਼ਹਿਰ ਦੇ ਕੈਫ਼ੇ ਅਤੇ ਹੋਟਲਾਂ 'ਤੇ ਵੀ ਨਿਗਰਾਨੀ ਵਧਾ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੇਕਰ ਨਾਬਾਲਗਾਂ ਨਾਲ ਸਬੰਧਤ ਕੋਈ ਅਣਉਚਿਤ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ।
- PTC NEWS