Sukhbir Singh Badal ਨੇ ਹਲਕਾ ਦਾਖਾ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਨੂੰ ਭਖਾਇਆ
Raikot News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਨੂੰ ਤੇਜ਼ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼ਹੀਦ ਦੇ ਬੁੱਤ ਅੱਗੇ ਸਿਰ ਝੁਕਾਇਆ ਅਤੇ ਫਿਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਦਾਖਾ ਨੂੰ ਆਪਣਾ ਨਿੱਜੀ ਹਲਕਾ ਦੱਸਿਆ। ਇਸ ਮੌਕੇ ਉਨ੍ਹਾਂ ਨੇ ਪਾਰਟੀ ਵੱਲੋਂ ਕੀਤੇ ਵਿਕਾਸ ਕੰਮਾਂ ਦਾ ਜ਼ਿਕਰ ਕੀਤਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਪਾਰਟੀ ਦਾ ਗੱਦਾਰ ਕਰਾਰ ਦਿੰਦਿਆਂ ਕਿਹਾ ਕਿ ਉਹ ਪਿੱਠ ਵਿੱਚ ਛੁਰਾ ਮਾਰਨ ਵਾਲਾ ਹੈ।
ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਉਹ ਪ੍ਰਧਾਨ ਹਨ, ਇਆਲੀ ਨੂੰ ਪਾਰਟੀ ਵਿੱਚ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਆਲੀ ਦੇ ਜਾਣ ਨਾਲ ਅਕਾਲੀ ਵਰਕਰਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਪਾਰਟੀ ਇਸ ਹਲਕੇ ਵਿੱਚ ਹੋਰ ਮਜ਼ਬੂਤ ਹੋ ਗਈ ਹੈ।
ਇਸ ਇਕੱਠ ਵਿੱਚ ਜ਼ਿਲ੍ਹਾ ਪ੍ਰੀਸ਼ਦ ਜੋਨ ਮੋਹੀ ਤੋਂ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਅਕਾਲੀ (ਪਤਨੀ ਗੁਰਦੀਪ ਸਿੰਘ ਫੱਲੇਵਾਲ) ਅਤੇ ਵੱਖ-ਵੱਖ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ ਗਈਆਂ। ਸੁਖਬੀਰ ਸਿੰਘ ਬਾਦਲ ਨੇ ਗੁਰਦੀਪ ਸਿੰਘ ਨੂੰ ਟਕਸਾਲੀ ਪੰਥਕ ਪਰਿਵਾਰ ਨਾਲ ਜੋੜਦਿਆਂ ਵਰਕਰਾਂ ਨੂੰ ਪੱਬਾਂ ਭਾਰ ਹੋਣ ਦੀ ਅਪੀਲ ਕੀਤੀ ਤਾਂ ਜੋ ਸਾਰੇ ਉਮੀਦਵਾਰ ਵੱਡੀ ਜਿੱਤ ਹਾਸਲ ਕਰਨ।
ਖਾਸ ਗੱਲ ਇਹ ਰਹੀ ਕਿ ਪਿੰਡ ਢੈਪਈ ਤੋਂ ਕਾਂਗਰਸ ਦੇ ਮੌਜੂਦਾ ਬਲਾਕ ਸੰਮਤੀ ਮੈਂਬਰ ਅਤੇ ਸਾਬਕਾ ਸਰਪੰਚ ਜਗਤੇਜ ਸਿੰਘ ਤੇਜੀ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ। ਇਸ ਨਾਲ ਅਕਾਲੀ ਦਲ ਨੂੰ ਹਲਕੇ ਵਿੱਚ ਹੋਰ ਤਾਕਤ ਮਿਲੀ ਹੈ। ਇਕੱਠ ਵਿੱਚ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ, ਅਕਾਲੀ ਆਗੂ ਮਾਨ ਸਿੰਘ ਭੁੱਟਾ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਯੂਥ ਅਕਾਲੀ ਦਲ ਦੇ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
- PTC NEWS