Amritsar News : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਮ ਸੰਚਾਲਨ ਮੁੜ ਸ਼ੁਰੂ
Amritsar News : 3 ਤੋਂ 10 ਦਸੰਬਰ ਤੱਕ ਇੰਡੀਗੋ ਏਅਰਲਾਈਨਸ ਵੱਲੋਂ ਰੱਦ ਕੀਤੀਆਂ ਗਈਆਂ ਫਲਾਈਟਾਂ ਕਾਰਨ ਪ੍ਰਭਾਵਿਤ ਹੋਏ ਹਜ਼ਾਰਾਂ ਯਾਤਰੀਆਂ ਲਈ ਹੁਣ ਰਾਹਤ ਦੀ ਖ਼ਬਰ ਹੈ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣਾਂ ਦਾ ਆਮ ਸੰਚਾਲਨ ਹੌਲੀ-ਹੌਲੀ ਮੁੜ ਸਥਿਰ ਹੋ ਰਿਹਾ ਹੈ ਅਤੇ 14 ਤੋਂ 15 ਦਸੰਬਰ ਤੱਕ ਪੂਰੀ ਤਰ੍ਹਾਂ ਨਾਰਮਲ ਹੋ ਜਾਣ ਦੀ ਉਮੀਦ ਜਤਾਈ ਗਈ ਹੈ।
ਹਵਾਈ ਅੱਡਾ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ 3 ਤੋਂ 10 ਦਸੰਬਰ ਦੌਰਾਨ ਇੰਡੀਗੋ ਦੀਆਂ ਕੁੱਲ 196 ਤਹਿ ਸ਼ੁਡਿਊਲ ਫਲਾਈਟਾਂ ਵਿੱਚੋਂ ਸਿਰਫ਼ 106 ਹੀ ਚਲਾਈਆਂ ਗਈਆਂ, ਜਦਕਿ 90 ਫਲਾਈਟਾਂ ਰੱਦ ਹੋਈਆਂ। ਇਸ ਕਾਰਨ 4500 ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ।
ਡਾਇਰੈਕਟਰ ਅਨੁਸਾਰ ਇਸ ਦੌਰਾਨ ਏਅਰਪੋਰਟ ਪ੍ਰਸ਼ਾਸਨ ਵੱਲੋਂ ਯਾਤਰੀ ਸਹਾਈਤਾ ਲਈ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ। 247 ਯਾਤਰੀਆਂ ਨੂੰ ਰਿਫੰਡ ਜਾਰੀ ਕੀਤਾ ਗਿਆ, 200 ਤੋਂ ਵੱਧ ਯਾਤਰੀਆਂ ਲਈ ਹੋਟਲ ਰਹਿਣ ਦੀ ਵਵਸਥਾ ਕੀਤੀ ਗਈ, ਜਦਕਿ 78 ਤੋਂ ਵੱਧ ਟੈਕਸੀ ਕੈਬਾਂ ਦਾ ਪ੍ਰਬੰਧ ਯਾਤਰੀਆਂ ਨੂੰ ਉਹਨਾਂ ਦੇ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਕੀਤਾ ਗਿਆ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਏਅਰਪੋਰਟ ‘ਤੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਵਧੇਰੇ ਸੁਵਿਧਾ ਦੇਣ ਲਈ ਸੁਰੱਖਿਆ ਤੇ ਸਹਾਇਤਾ ਸਟਾਫ ਵਧਾਇਆ ਗਿਆ। ਪੀਣ ਲਈ ਪਾਣੀ, ਖਾਣ-ਪੀਣ ਤੇ ਬੈਠਕ ਦੀ ਵਵਸਥਾ ਸੁਨਿਸ਼ਚਿਤ ਕੀਤੀ ਗਈ। ਇੱਥੋਂ ਤੱਕ ਕਿ ਟ੍ਰੇਨ ਰਿਜ਼ਰਵੇਸ਼ਨ ਲਈ ਕਾਊਂਟਰ ਵੀ ਹਵਾਈ ਅੱਡੇ ਅੰਦਰ ਹੀ ਖੋਲ੍ਹਿਆ ਗਿਆ, ਤਾਂ ਜੋ ਯਾਤਰੀਆਂ ਨੂੰ ਵਿਕਲਪਕ ਯਾਤਰਾ ਮਿਲ ਸਕੇ।
ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਵੱਲੋਂ ਇੰਡੀਗੋ ਦੇ ਉਡਾਣ ਕੋਟੇ ਵਿੱਚ ਕਟੌਤੀ ਕੀਤੇ ਜਾਣ ਕਾਰਨ ਵੀ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ। ਪਰ ਹੁਣ ਹਾਲਾਤ ਤੇਜ਼ੀ ਨਾਲ ਸੁਧਰ ਰਹੇ ਹਨ ਅਤੇ 14–15 ਦਸੰਬਰ ਤੱਕ ਅੰਮ੍ਰਿਤਸਰ ਏਅਰਪੋਰਟ ਪੂਰੀ ਤਰ੍ਹਾਂ ਸਧਾਰਨ ਸੰਚਾਲਨ ਵਿੱਚ ਆ ਜਾਵੇਗਾ।
- PTC NEWS