Punjab 'ਚ ਕਿਸਾਨਾਂ ਵੱਲੋਂ ਬਿਜਲੀ ਸੋਧ ਬਿੱਲ ਖਿਲਾਫ਼ ਪ੍ਰਦਰਸ਼ਨ, ਚਿੱਪ ਵਾਲੇ ਮੀਟਰਾਂ ਨੂੰ ਉਤਾਰ ਕੇ ਬਿਜਲੀ ਘਰਾਂ 'ਚ ਕਰਵਾਇਆ ਜਮ੍ਹਾ
Ludhiana News : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਰ 'ਚ ਬਿਜਲੀ ਸੋਧ ਬਿੱਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਬਿਜਲੀ ਦੇ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਦਿਆਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਚਿੱਪ ਵਾਲੇ ਮੀਟਰਾਂ ਨੂੰ ਉਤਾਰ ਕੇ ਬਿਜਲੀ ਘਰਾਂ ਵਿੱਚ ਜਮ੍ਹਾ ਕਰਵਾਇਆ ਜਾ ਰਿਹਾ ਹੈ।
ਲੁਧਿਆਣਾ ਦੇ ਵਿੱਚ ਵੀ ਅੱਜ ਕਿਸਾਨ ਆਗੂ ਦਿਲਬਾਗ ਸਿੰਘ ਦੀ ਅਗਵਾਈ ਦੇ ਵਿੱਚ ਸਮਾਰਟ ਮੀਟਰ ਲਾਹੇ ਗਏ। ਉਹਨਾਂ ਕਿਹਾ ਕਿ ਇਹ ਸਮਾਰਟ ਮੀਟਰ ਨਹੀਂ ਸਗੋਂ ਚਿੱਪ ਵਾਲੇ ਮੀਟਰ ਹਨ। ਸਰਕਾਰ ਬਿਜਲੀ ਮਹਿਕਮੇ ਦਾ ਨਿੱਜੀਕਰਨ ਕਰ ਰਹੀ ਹੈ ,ਜਿਸ ਕਰਕੇ ਉਹਨਾਂ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਥਾਨਕ ਲੋਕ ਵੀ ਇਸ ਦਾ ਸਾਥ ਦਿੰਦੇ ਨਜ਼ਰ ਆਏ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਬਿਜਲੀ ਮਹਿਕਮੇ ਦਾ ਨਿਜੀਕਰਨ ਹੋ ਗਿਆ ਤਾਂ ਗਰੀਬ ਲੋਕ ਜਿਹਨਾਂ ਤੱਕ ਬਿਜਲੀ ਪਹੁੰਚਦੀ ਹੈ ,ਉਹ ਪਹੁੰਚਣੀ ਬੰਦ ਹੋ ਜਾਵੇਗੀ ਕਿਉਂਕਿ ਪ੍ਰਾਈਵੇਟ ਕੰਪਨੀਆਂ ਸਿਰਫ ਆਪਣੇ ਫਾਇਦੇ ਲਈ ਅਤੇ ਬਿੱਲ ਵਧਾਉਣ ਦੇ ਲਈ ਹੀ ਬਿਜਲੀ ਸਪਲਾਈ ਕਰਨਗੇ। ਇਹੀ ਕਾਰਨ ਹੈ ਕਿ ਉਹ ਬਿਜਲੀ ਸੋਧ ਬਿੱਲ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਕਿਸਾਨ ਲੋਕਾਂ ਦੇ ਭਲੇ ਦੀ ਗੱਲ ਭਾਵੇਂ ਜ਼ਰੂਰ ਕਰ ਰਹੇ ਨੇ ਪਰ ਇਸ ਤਰ੍ਹਾਂ ਮੀਟਰ ਜੋ ਉਤਾਰੇ ਜਾ ਰਹੇ ਨੇ ਮੁੜ ਤੋਂ ਮੀਟਰ ਕਿਵੇਂ ਲੱਗਣਗੇ। ਜੇਕਰ ਕਿਸਾਨ ਯੂਨੀਅਨ ਇਸ ਗੱਲ ਦੀ ਜਿੰਮੇਵਾਰੀ ਚੁੱਕਦੀਆਂ ਹਨ ਤਾਂ ਫਿਰ ਠੀਕ ਹੈ ਨਹੀਂ ਤਾਂ ਇਸ ਨਾਲ ਗਰੀਬਾਂ ਦਾ ਵੀ ਨੁਕਸਾਨ ਹੈ।
ਤਰਨਤਾਰਨ ਵਿਖੇ ਕਿਸਾਨਾਂ ਵੱਲੋਂ ਚਿੱਪ ਮੀਟਰਾਂ ਦਾ ਵਿਰੋਧ ਕਰਦਿਆਂ ਮੀਟਰ ਉਤਾਰੇ
ਤਰਨਤਾਰਨ ਦੇ ਵੱਖ -ਵੱਖ ਪਿੰਡਾਂ ਵਿੱਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਹੇਠ ਕਿਸਾਨ ਮੀਟਰ ਉਤਾਰ ਕੇ ਸਬ ਡਿਵੀਜ਼ਨ ਮਾਨੋਚਾਹਲ ਦੇ ਵਿੱਚ ਪਹੁੰਚੇ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਮਾਨੋਚਾਹਲ ਨੇ ਚਿੱਪ ਵਾਲੇ ਮੀਟਰਾਂ ਨੂੰ ਆਮ ਲੋਕਾਂ ਲਈ ਘਾਤਕ ਦੱਸਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਚਿੱਪ ਵਾਲੇ ਮੀਟਰ ਲਗਾ ਕੇ ਬਿਜਲੀ ਦਾ ਕੰਮ ਨਿੱਜੀ ਹੱਥਾਂ ਵਿੱਚ ਦੇਣ ਜਾ ਰਹੀ ਹੈ। ਨਿੱਜੀ ਕੰਪਨੀਆਂ ਚਿੱਪ ਵਾਲੇ ਮੀਟਰਾਂ ਦੀ ਆੜ ਹੇਠ ਲੋਕਾਂ ਨੂੰ ਮਹਿੰਗੀ ਬਿਜਲੀ ਦੇਣਗੀਆਂ। ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਕਿਸਾਨ ਆਗੂ ਨੇ ਪੁਰਾਣੇ ਕਾਲੇ ਮੀਟਰ ਲਗਾ ਕੇ ਬਿਜਲੀ ਇੱਕ ਰੁਪਏ ਪ੍ਰਤੀ ਯੂਨਿਟ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮੁਫਤ ਬਿਜਲੀ ਅਤੇ ਸਬਸੀਡੀ ਨਹੀਂ ਚਾਹੀਦੀ।
- PTC NEWS