ASI ਭਰਤੀ ਘੁਟਾਲੇ 'ਚ ਕਾਂਸਟੇਬਲ ਸਮੇਤ ਤਿੰਨ ਜਣੇ ਗ੍ਰਿਫ਼ਤਾਰ

By  Pardeep Singh December 6th 2022 08:28 PM

ਚੰਡੀਗੜ੍ਹ : ਚੰਡੀਗੜ੍ਹ ਪੁਲੀਸ ਨੇ ਸਹਾਇਕ ਸਬ-ਇੰਸਪੈਕਟਰ  ਭਰਤੀ ਘੁਟਾਲੇ ਵਿੱਚ ਆਪਣੇ ਹੀ ਵਿਭਾਗ ਦੇ ਇੱਕ ਕਾਂਸਟੇਬਲ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਨਰੇਸ਼ (33) ਹੈ ਜੋ ਸੈਕਟਰ 42 ਸੀ ਵਿੱਚ ਰਹਿੰਦਾ ਸੀ। ਦੂਜਾ ਮੁਲਜ਼ਮ ਹਰਦੀਪ (32) ਵੀ ਜੀਂਦ ਦਾ ਰਹਿਣ ਵਾਲਾ ਹੈ ਅਤੇ ਸੈਕਟਰ 41ਬੀ ਵਿੱਚ ਰਹਿ ਰਿਹਾ ਸੀ। ਤੀਜਾ ਮੁਲਜ਼ਮ ਚੰਦਰ ਕਾਂਤ (29) ਮਨੀ ਮਾਜਰਾ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਕਾਂਸਟੇਬਲ ਨਰੇਸ਼ ਚੰਡੀਗੜ੍ਹ ਪੁਲਿਸ ਵਿੱਚ ਹੀ ਕਾਂਸਟੇਬਲ ਹੈ।


ਜਦਕਿ ਮੁਲਜ਼ਮ ਹਰਦੀਪ ਸੈਕਟਰ 17 ਸਥਿਤ ਏ.ਜੀ.ਪੰਜਾਬ ਦਫ਼ਤਰ ਵਿੱਚ ਕੰਮ ਕਰਦਾ ਹੈ। ਦੋਵਾਂ ਨੇ ਸਾਈਬਰ ਕੈਫੇ ਚਲਾਉਣ ਵਾਲੇ ਚੰਦਰ ਕਾਂਤ ਦੀ ਮਿਲੀਭੁਗਤ ਨਾਲ ਜਾਅਲੀ ਅਰਜ਼ੀ ਫਾਰਮ ਜਮ੍ਹਾ ਕਰਵਾਏ ਸਨ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਇਨ੍ਹਾਂ ਦਾ ਰਿਮਾਂਡ ਹਾਸਲ ਕਰੇਗੀ। 30 ਨਵੰਬਰ ਨੂੰ ਸੈਕਟਰ 11 ਥਾਣੇ ਦੀ ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ, ਅਪਰਾਧਿਕ ਸਾਜ਼ਿਸ਼ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਭਰਤੀ ਵਿੱਚ ਘੁਟਾਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਏਐਸਆਈ ਭਰਤੀ ਪ੍ਰੀਖਿਆ ਵਿੱਚ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਬੰਧਤ ਪ੍ਰੀਖਿਆ ਨਾਲ ਸਬੰਧਤ ਕੁਝ ਸ਼ੱਕੀ ਅਰਜ਼ੀ ਫਾਰਮ ਅਪਰਾਧ ਸ਼ਾਖਾ ਕੋਲ ਜਾਂਚ ਲਈ ਆਏ ਸਨ। ਉਨ੍ਹਾਂ ਦੀ ਜਾਂਚ ਤੋਂ ਬਾਅਦ ਸੈਕਟਰ 11 ਥਾਣੇ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 419, 420, 511, 467, 468, 471 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਮੁਤਾਬਕ ਨਰੇਸ਼ ਏਐਸਆਈ ਦੀ ਪ੍ਰੀਖਿਆ ਵਿੱਚ ਬੈਠਣਾ ਚਾਹੁੰਦਾ ਸੀ। ਉਹ ਹਰਦੀਪ ਨਾਲ ਮਿਲ ਕੇ ਯੋਜਨਾ ਬਣਾ ਰਿਹਾ ਸੀ ਕਿ ਉਹ ਇਮਤਿਹਾਨ ਕਿਵੇ ਪਾਸ ਕਰੇ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਜਾਅਲੀ ਫਾਰਮ ਬਣਾ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਸਾਈਬਰ ਕੈਫੇ ਵਿਚ ਇਹ ਡੁਪਲੀਕੇਟ ਫਾਰਮ ਭਰੇ ਜਾਂਦੇ ਸਨ, ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਸਾਈਬਰ ਕੈਫੇ ਸੰਚਾਲਕ ਨੂੰ ਪਤਾ ਸੀ ਕਿ ਉਹ ਫਰਜ਼ੀ ਫਾਰਮ ਭਰ ਰਿਹਾ ਸੀ। ਨਰੇਸ਼ ਅਤੇ ਹਰਦੀਪ ਨੇ 2 ਫਾਰਮ ਭਰੇ ਸਨ। ਇਨ੍ਹਾਂ ਵਿੱਚ ਨਾਮ, ਪਿਤਾ ਦਾ ਨਾਮ ਅਤੇ ਹੋਰ ਵੇਰਵੇ ਇੱਕੋ ਸਨ ਪਰ ਉਮੀਦਵਾਰ ਦੀ ਫੋਟੋ ਵੱਖਰੀ ਸੀ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਹੋਰ ਉਮੀਦਵਾਰਾਂ ਦੇ ਫਾਰਮਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ 122 ਉਮੀਦਵਾਰ ਅਜਿਹੇ ਸਨ ਜਿਨ੍ਹਾਂ ਨੇ ਇੱਕ ਤੋਂ ਵੱਧ ਫਾਰਮ ਭਰੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ।  ਪੁਲਿਸ ਨੇ ਦੱਸਿਆ ਕਿ ਕਾਂਸਟੇਬਲ ਨਰੇਸ਼ ਨੇ ਕਈ ਅਰਜ਼ੀ ਫਾਰਮ ਭਰੇ ਸਨ। ਪੁਲਿਸ ਨੂੰ ਪਤਾ ਲੱਗਾ ਕਿ ਦੋਸ਼ੀ ਨਰੇਸ਼ ਨੇ ਇਕ ਹੋਰ ਅਰਜ਼ੀ ਫਾਰਮ ਭਰਨ ਲਈ ਏਜੀ ਦਫਤਰ ਵਿਚ ਕੰਮ ਕਰਦੇ ਹਰਦੀਪ ਦੀ ਫੋਟੋ ਦੀ ਵਰਤੋਂ ਕੀਤੀ ਸੀ। ਘੁਟਾਲੇ ਵਿੱਚ ਇੱਕੋ ਉਮੀਦਵਾਰ ਨੇ ਕਈ ਅਰਜ਼ੀਆਂ ਭਰੀਆਂ ਸਨ। ਇਸ ਦੇ ਨਾਲ ਹੀ ਇਸ ਪ੍ਰੀਖਿਆ ਸਬੰਧੀ ਲਿਖਤੀ ਪ੍ਰੀਖਿਆ ਲਈ 18 ਦਸੰਬਰ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ।

ਚੰਡੀਗੜ੍ਹ ਪੁਲਿਸ ਨੇ ਲਗਭਗ 12 ਸਾਲਾਂ ਦੇ ਵਕਫ਼ੇ ਤੋਂ ਬਾਅਦ ਇਸ ਸਾਲ ਸਤੰਬਰ ਵਿੱਚ ਏਐਸਆਈ ਦੀਆਂ 49 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਸੀ। ਇਨ੍ਹਾਂ ਵਿੱਚੋਂ 16 ਅਸਾਮੀਆਂ ਔਰਤਾਂ ਲਈ ਰਾਖਵੀਆਂ ਸਨ। ਪੁਰਸ਼ਾਂ ਲਈ 27 ਸਨ। ਫੌਜ ਦੇ ਜਵਾਨਾਂ ਲਈ 6 ਅਸਾਮੀਆਂ ਰਾਖਵੀਆਂ ਸਨ। ਚੰਡੀਗੜ੍ਹ ਪੁਲਿਸ ਨੂੰ ਕੁੱਲ 15,802 ਦਰਖਾਸਤਾਂ ਮਿਲੀਆਂ ਸਨ। ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਜ਼ ਵਿਭਾਗ ਨੂੰ ਅਰਜ਼ੀਆਂ ਦੀ ਪੜਤਾਲ ਦਾ ਕੰਮ ਸੌਂਪਿਆ ਗਿਆ ਸੀ। ਇਹ ਮਾਮਲਾ ਵਿਭਾਗ ਦੇ ਚੀਫ ਕੋਆਰਡੀਨੇਟਰ ਪੀਕੇ ਸ਼ਰਮਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।

Related Post