ਬਰਨਾਲਾ ਚ ਗਲੀ ਵਿਵਾਦ ਨੂੰ ਲੈ ਕੇ ਨੌਜਵਾਨ ਨੇ ਪੀਤੀ ਸਪਰੇਅ, ਹਾਲਤ ਗੰਭੀਰ, ਪੁਲਿਸ ਤੇ ਆਪ ਆਗੂ ਤੇ ਲੱਗੇ ਇਲਜ਼ਾਮ

Barnala News : ਪਿੰਡ ਦੇ ਵਸਨੀਕ ਮਨਜਿੰਦਰ ਸਿੰਘ ਨੇ ਲੋਕਾਂ ਸਾਹਮਣੇ ਬੇਇੱਜ਼ਤੀ ਤੋਂ ਪਰੇਸ਼ਾਨ ਹੋ ਕੇ ਸਪਰੇਅ ਪੀਕੇ ਜੀਵਨਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਜੋ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ।

By  KRISHAN KUMAR SHARMA March 22nd 2026 07:32 PM -- Updated: March 22nd 2026 07:34 PM

Barnala News : ਪੰਜਾਬ ਪੁਲਿਸ ਵੱਲੋਂ ਧੱਕੇਸ਼ਾਹੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬਰਨਾਲਾ ਦੇ ਧਨੌਲਾ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਰਾਜਗੜ੍ਹ ਵਿੱਚ ਸਾਹਮਣੇ ਆਇਆ, ਜਿੱਥੇ ਪਿੰਡ ਵਿੱਚ ਬਣ ਰਹੀ ਨਵੀਂ ਗਲੀ ਨੂੰ ਲੈ ਕੇ ਹੋਏ ਝਗੜੇ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਇੱਕ ਪੰਚਾਇਤ ਮੈਂਬਰ ਨੇ ਪੁਲਿਸ ਨੂੰ ਬੁਲਾਇਆ ਅਤੇ ਪਿੰਡ ਵਾਸੀਆਂ ਦੇ ਸਾਹਮਣੇ ਪਰਿਵਾਰ ਨੂੰ ਜ਼ਲੀਲ ਕੀਤਾ ਗਿਆ, ਉਥੇ ਹੀ ਪਿੰਡ ਦੇ ਵਸਨੀਕ ਮਨਜਿੰਦਰ ਸਿੰਘ ਨੇ ਲੋਕਾਂ ਸਾਹਮਣੇ ਬੇਇੱਜ਼ਤੀ ਤੋਂ ਪਰੇਸ਼ਾਨ ਹੋ ਕੇ ਸਪਰੇਅ ਪੀਕੇ ਜੀਵਨਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਜੋ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ।

ਪਰਿਵਾਰਕ ਮੈਂਬਰ, ਪਿੰਡ ਵਾਸੀ ਅਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਆਗੂਆਂ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਪਰਿਵਾਰ ਦੇ ਸਮਰਥਨ ਵਿੱਚ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਪੁਲਿਸ ਧੱਕੇਸ਼ਾਹੀ ਦੇ ਵਿਰੋਧ 'ਚ ਬਰਨਾਲਾ ਦੇ ਡੀਸੀ ਕੰਪਲੈਕਸ ਦੇ ਗੇਟ ਦੇ ਬਾਹਰ ਧਰਨਾ ਦਿੱਤਾ।

ਕਿਉਂ ਵਾਪਰੀ ਘਟਨਾ ?

ਧਰਨਾ ਦੇ ਰਹੇ ਪੀੜਤ ਪਰਿਵਾਰ ਦੇ ਮੈਂਬਰਾਂ ਮਨਜਿੰਦਰ ਸਿੰਘ ਦੇ ਭਰਾ ਬੇਅੰਤ ਸਿੰਘ ਤੇ ਉਸ ਦੀ ਮਾਤਾ ਗੁਰਮੀਤ ਕੌਰ ਆਦਿ ਨੇ ਨੇ ਕਿਹਾ ਪਿੰਡ ਵਿੱਚ ਨਵੀਂ ਗਲੀ ਬਣਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ‘ਆਪ’ ਨਾਲ ਸਬੰਧਤ ਪਿੰਡ ਦੇ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਨੇ ਕੰਮ ਬੰਦ ਕਰਵਾ ਕੇ ਥਾਣਾ ਧਨੌਲਾ ਦੇ ਐਸਐਚਓ ਨੂੰ ਮੌਕੇ ’ਤੇ ਬੁਲਾਇਆ। ਮੌਕੇ ’ਤੇ ਬਿਨਾਂ ਵਰਦੀ ਅਤੇ ਬਿਨਾਂ ਕਿਸੇ ਮਹਿਲਾ ਪੁਲਿਸ ਮੁਲਾਜ਼ਮ ਦੇ ਇਕੱਲੇ ਪੁੱਜੇ ਐਸਐਚਓ ਨੇ ਉਨ੍ਹਾਂ ਦਾ ਕੋਈ ਕਸੂਰ ਨਾ ਹੋਣ ’ਤੇ ਉਨ੍ਹਾਂ ਨੂੰ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਹਮਣੇ ਜ਼ਲੀਲ ਕੀਤਾ।

ਪਰਿਵਾਰ ਨੇ ਐਸਐਚਓ 'ਤੇ ਲਾਏ ਇਲਜ਼ਾਮ, ਮੰਗੀ ਕਾਰਵਾਈ

ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪੁਲਿਸ ਅਧਿਕਾਰੀ ਨੇ ਔਰਤਾਂ ਵਿਰੁੱਧ ਵੀ ਅਪਸ਼ਬਦ ਬੋਲੇ। ਮਨਜਿੰਦਰ ਸਿੰਘ ਦੇ ਵਾਰ-ਵਾਰ ਟਾਲ-ਮਟੋਲ ਕਰਨ 'ਤੇ ਐੱਸਐੱਚਓ ਨੇ ਪਰਿਵਾਰ 'ਤੇ ਤਸ਼ੱਦਦ ਕੀਤਾ। ਇਸ ਗੱਲ ਨੂੰ ਬਰਦਾਸ਼ਤ ਨਾ ਕਰਦਿਆਂ ਉਸ ਨੇ ਸਪਰੇਅ ਦੀ ਬੋਤਲ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤੁਰੰਤ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਉਸ ਨੂੰ ਠੀਕ ਹੋਣ ਲਈ 48 ਘੰਟੇ ਦਾ ਸਮਾਂ ਦਿੱਤਾ ਹੈ।

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਥਾਣਾ ਧਨੌਲਾ ਦੇ ਐੱਸਐੱਚਓ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ 'ਆਪ' ਪੰਚਾਇਤ ਮੈਂਬਰ, ਜ਼ਿਲ੍ਹਾ 'ਆਪ' ਆਗੂ ਅਤੇ ਐੱਸਐੱਚਓ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਬਿਨਾਂ ਕਿਸੇ ਕਾਰਨ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ।  ਪਰਿਵਾਰਕ ਮੈਂਬਰਾਂ ਨੇ ਐਸਐਚਓ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੀ ਪੁਲਿਸ ਨੂੰ ਬੁਲਾਉਣ ਵਾਲੇ ਪੰਚਾਇਤ ਮੈਂਬਰ ਖ਼ਿਲਾਫ਼ ਕੇਸ ਦਰਜ ਕਰਨ ਦੀ ਵੀ ਗੱਲ ਚੱਲ ਰਹੀ ਹੈ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪੀੜਤ ਮਨਜਿੰਦਰ ਸਿੰਘ ਵੀ ਆਮ ਆਦਮੀ ਪਾਰਟੀ ਦਾ ਹੀ ਵਰਕਰ ਹੈ।

ਇਸ ਮੌਕੇ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਸਮੁੱਚੀ ਪੰਚਾਇਤ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ। ਜੇਕਰ ਕਿਸੇ ਪੰਚਾਇਤ ਮੈਂਬਰ ਨੇ ਪੁਲਿਸ ਨੂੰ ਨਾ ਬੁਲਾਇਆ ਹੁੰਦਾ ਤਾਂ ਇਹ ਘਟਨਾ ਨਾ ਵਾਪਰਦੀ, ਜੋ ਪਿੰਡ ਲਈ ਸ਼ਰਮ ਵਾਲੀ ਗੱਲ ਹੈ।

Related Post