ਕੀ ਹੁੰਦੀ ਹੈ ਜ਼ੀਰੋ FIR, ਆਮ FIR ਤੋਂ ਕਿਵੇਂ ਹੈ ਵੱਖ, ਜਾਣੋ ਅਪਰਾਧਿਕ ਮਾਮਲਿਆਂ ਚ ਰੋਲ

By  KRISHAN KUMAR SHARMA March 1st 2024 11:43 AM

What is Zero FIR: ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਬੀਤੇ ਦਿਨ ਜ਼ੀਰੋ ਐਫ਼ਆਈਆਰ ਦਰਜ ਕੀਤੀ ਹੈ। ਐਫ਼ਆਈਆਰ 'ਚ ਕਿਸੇ ਦਾ ਵੀ ਨਾਂ ਨਹੀਂ ਹੈ ਅਤੇ ਇਹ ਅਣਪਛਾਤੇ ਖਿਲਾਫ਼ ਦਰਜ ਕੀਤੀ ਗਈ ਹੈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਵਿਰੋਧੀ ਧਿਰਾਂ ਨੇ ਨਿਸ਼ਾਨਾ ਸਾਧਿਆ ਅਤੇ ਇਸ ਨੂੰ ਜਾਣਬੁੱਝ ਕੇ ਕੀਤੀ ਗਈ ਕਮਜ਼ੋਰ ਐਫਆਈਆਰ ਦੱਸਿਆ ਹੈ। ਹਾਲਾਂਕਿ ਹੁਣ ਸਵਾਲ ਇਹ ਉਠਦਾ ਹੈ ਕਿ ਜਿਸ ਜ਼ੀਰੋ ਐਫਆਈਆਰ ਨੂੰ ਲੈ ਕੇ ਵਿਰੋਧੀ ਧਿਰਾਂ ਇੰਨਾ ਰੋਲਾ ਪਾ ਰਹੀਆਂ ਹਨ, ਅਸਲ ਵਿੱਚ ਉਹ ਕੀ ਹੈ ਅਤੇ ਇਹ ਆਮ ਐਫ਼ਆਈਆਰ ਨਾਲੋਂ ਕਿਵੇਂ ਵੱਖਰੀ ਹੁੰਦੀ ਹੈ।

ਐਫ਼ਆਈਆਰ ਦਰਜ ਕਰਨ ਦੀ ਮੁੱਢਲੀ ਪ੍ਰਕਿਰਿਆ

ਸ਼ੁਭਕਰਨ ਸਿੰਘ ਦੇ ਮਾਮਲੇ 'ਚ ਪਾਤੜਾਂ ਪੁਲਿਸ ਨੇ ਇਹ ਐਫਆਈਆਰ ਦਰਜ ਕੀਤੀ ਹੈ। ਇਹ ਧਾਰਾ ਆਈਪੀਸੀ ਦੀ ਧਾਰਾ 302 ਤਹਿਤ ਦਰਜ ਕੀਤੀ ਗਈ ਹੈ। ਜਦੋਂ ਵੀ ਕੋਈ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਪੁਲਿਸ ਅਧਿਕਾਰੀ ਇਸ ਦੀ ਜਾਂਚ ਸ਼ੁਰੂ ਕਰਦਾ ਹੈ। ਮਾਮਲੇ ਵਿੱਚ ਜਾਂਚ ਤਾਂ ਸ਼ੁਰੂ ਹੁੰਦੀ ਹੈ ਜੇਕਰ ਉਹ ਖੇਤਰ ਅਧਿਕਾਰੀ ਦੇ ਅਧੀਨ ਹੋਵੇ। ਜੇ ਘਟਨਾ ਉਸ ਦੇ ਖੇਤਰ ਤੋਂ ਬਾਹਰ ਦੀ ਹੋਵੇ ਤਾਂ ਉਹ ਇੱਕ ਐਫ਼ਆਈਆਰ ਦਰਜ ਕਰਦਾ ਹੈ, ਜਿਸ ਨੂੰ ਹੀ ਜ਼ੀਰੋ FIR ਕਹਿੰਦੇ ਹਨ।

ਇਹ ਐਫ਼ਆਈਆਰ ਬਾਅਦ ਵਿੱਚ ਉਸ ਥਾਣੇ ਵਿੱਚ ਭੇਜ ਦਿੱਤੀ ਜਾਂਦੀ ਹੈ, ਜਿਸ ਅਧੀਨ ਘਟਨਾ ਹੋਈ ਹੋਵੇ। ਇਸ ਲਈ ਜ਼ੀਰੋ ਐਫਆਈਆਰ ਵਿੱਚ ਜ਼ੁਰਮ ਦੀ ਸੰਖਿਆ ਨਹੀਂ ਦਿੱਤੀ ਜਾਂਦੀ ਹੈ। ਜਦਕਿ ਇਸ ਦੇ ਉਲਟ ਸਾਧਾਰਨ ਐਫਆਈਆਰ ਵਿੱਚ ਜ਼ੁਰਮ ਦੀ ਸੰਖਿਆ ਹੁੰਦੀ ਹੈ।

ਕੀ ਹੁੰਦਾ ਹੈ ਜ਼ੀਰੋ ਐਫਆਈਆਰ ਦਾ ਮਕਸਦ

ਇਸਦਾ ਜ਼ੀਰੋ FIR ਦਾ ਮਕਸਦ ਐਫਆਈਆਰ ਨਾ ਹੋਣ ਦੀ ਸੂਰਤ 'ਚ ਘਟਨਾ ਵਾਲੀ ਥਾਂ ਤੋਂ ਸਬੂਤ ਨਾ ਗਾਇਬ ਹੋ ਜਾਣ ਲਈ ਹੁੰਦਾ ਹੈ, ਇਸ ਲਈ ਦੂਜਾ ਥਾਣਾ ਸਬੰਧਤ ਥਾਣਾ ਖੇਤਰ ਨੂੰ ਚੌਕਸ ਕਰਦਾ ਹੈ। ਜ਼ੀਰੋ ਐਫਆਈਆਰ ਔਰਤਾਂ ਖਿਲਾਫ਼ ਅਪਰਾਧਿਕ ਮਾਮਲਿਆਂ 'ਚ ਵਧੇਰੇ ਸਹਾਈ ਸਾਬਤ ਹੁੰਦੀ ਹੈ।

ਆਮ ਐਫਆਈਆਰ ਦੇ ਉਲਟ ਜ਼ੀਰੋ ਐਫਆਈਆਰ ਘਟਨਾ ਸਥਾਨ ਤੋਂ ਦੂਰ ਕਿਸੇ ਵੀ ਥਾਣਾ ਖੇਤਰ ਵਿੱਚ ਦਰਜ ਕਰਵਾਈ ਜਾ ਸਕਦੀ ਹੈ। ਇਹ ਕਾਨੂੰਨ 2012 'ਚ ਦਿੱਲੀ 'ਚ ਹੋਏ ਗੈਂਗਰੇਪ ਤੋਂ ਬਾਅਦ ਬਣਾਇਆ ਗਿਆ ਹੈ, ਜਿਸ ਤਹਿਤ ਪੀੜਤ ਕਿਸੇ ਵੀ ਥਾਂ 'ਤੇ ਆਪਣੀ ਗੁਹਾਰ ਲਗਾ ਸਕਦਾ ਹੈ।

ਦੱਸ ਦਈਏ ਕਿ ਸ਼ੁਭਕਰਨ ਸਿੰਘ ਦੀ ਮੌਤ ਕਿਸਾਨੀ ਅੰਦੋਲਨ ਦੌਰਾਨ 21 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਹੋਈ ਸੀ, ਜਿਸ ਤੋਂ 8 ਦਿਨਾਂ ਬਾਅਦ ਪੁਲਿਸ ਨੇ ਮਾਮਲੇ 'ਚ ਜ਼ੀਰੋ ਐਫਆਈਆਰ ਦਰਜ ਕੀਤੀ ਹੈ।

Related Post