ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ਼ਿਲੌਂਗ ਦੇ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੂਰਨ ਸਮਰਥਨ ਦਾ ਦਿੱਤਾ ਭਰੋਸਾ
Jathedar Kuldeep Singh Gargajj : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਤਵਾਰ ਮੇਘਾਲਿਆ ਸੂਬੇ ਦੇ ਸ਼ਿਲੌਂਗ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ, ਬੜਾ ਬਜ਼ਾਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਇਸ ਤੋਂ ਪਹਿਲਾਂ ਜਥੇਦਾਰ ਗੜਗੱਜ ਨੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਿਲੌਂਗ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਲਾਈਤੁਮਖਰ੍ਹਾ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ, ਬੜਾ ਬਜ਼ਾਰ ਤੱਕ ਸਜਾਏ ਗਏ ਨਗਰ ਕੀਰਤਨ ਵਿੱਚ ਵੀ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੀ ਸੰਪੂਰਨਤਾ ਮੌਕੇ ਜਥੇਦਾਰ ਗੜਗੱਜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪਾਲਕੀ ਸਾਹਿਬ ਤੋਂ ਗੁਰੂ ਘਰ ਵਿਖੇ ਸੁਖਾਸਨ ਅਸਥਾਨ ਵਿੱਚ ਸ਼ੁਸੋਭਿਤ ਕਰਨ ਦੀ ਸੇਵਾ ਕੀਤੀ ਗਈ। ਇਨ੍ਹਾਂ ਸਮਾਗਮਾਂ ਮੌਕੇ ਸ਼ਿਲੌਂਗ, ਮੇਘਾਲਿਆ ਦੀ ਸਥਾਨਕ ਸੰਗਤ ਦੇ ਨਾਲ-ਨਾਲ ਅਸਾਮ ਤੇ ਉੱਤਰ ਪੂਰਬ ਦੀ ਸਿੱਖ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਗੁਰਮਤਿ ਸਮਾਗਮ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਹਰਪਾਲ ਸਿੰਘ ਸਾਜਨ ਦੇ ਹਜ਼ੂਰੀ ਰਾਗੀ ਜਥੇ, ਭਾਈ ਬੋਹੜ ਸਿੰਘ ਦੇ ਕਵੀਸ਼ਰੀ ਜਥੇ ਅਤੇ ਭਾਈ ਨਿਰਮਲ ਸਿੰਘ ਜੇਠੂਵਾਲ ਦੇ ਢਾਡੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਨਾਲ ਜੋੜਿਆ।
ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਿਲੌਂਗ ਦੀ ਸਿੱਖ ਸੰਗਤ ਨੂੰ ਚੜ੍ਹਦੀ ਕਲਾ ਨਾਲ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਣਾ ਕੀਤੀ ਅਤੇ ਆਪਣੀ ਬੱਚਿਆਂ ਨੂੰ ਗੁਰਮੁਖੀ ਪੰਜਾਬ ਸਿਖਾਉਣ ਲਈ ਆਖਿਆ ਤਾਂ ਜੋ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜ ਸਕਣ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਸ਼ਿਲੌਂਗ ਦੇ ਬਹੁਤੇ ਸਿੱਖ ਨੌਜਵਾਨਾਂ ਆਪਣੀ ਸਾਬਤ ਸੂਰਤ ਸਿੱਖ ਪਛਾਣ ਕਾਇਮ ਰੱਖੀ ਹੈ। ਜਥੇਦਾਰ ਗੜਗੱਜ ਨੇ ਉੱਤਰ ਪੂਰਬ ਦੇ ਸਿੱਖਾਂ ਨੂੰ ਆਪਣੀ ਸਾਬਤ ਸੂਰਤ ਸਿੱਖ ਪਛਾਣ ਕਾਇਮ ਰੱਖਣ ਅਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਆਖਿਆ।
ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂਆਂ ਦੇ ਤਿਲਕ ਅਤੇ ਜੰਞੂ ਤੇ ਉਨ੍ਹਾਂ ਦੀ ਧਾਰਮਿਕ ਅਜ਼ਾਦੀ ਲਈ ਸ਼ਹਾਦਤ ਦਿੱਤੀ। ਗੁਰੂ ਸਾਹਿਬ ਦਾ ਪਰਉਪਕਾਰ ਬਹੁਤ ਵੱਡਾ ਹੈ, ਜਿਸ ਦਾ ਦੇਣਾ ਅਸੀਂ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਉਸ ਵੇਲੇ ਵੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਮਜ਼ਲੂਮਾਂ ਦਾ ਸਹਾਰਾ ਬਣਿਆ ਸੀ ਅਤੇ ਦੇਸ਼ ਅੰਦਰ ਮੁਸੀਬਤ ਤੇ ਆਪਦਾਵਾਂ ਵੇਲੇ ਅੱਜ ਵੀ ਗੁਰੂ ਸਾਹਿਬ ਦਾ ਘਰ ਹੀ ਸਹਾਰਾ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਇੱਥੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਢਾਹੁਣ ਅਤੇ ਇੱਥੇ ਵੱਸਦੇ ਸਿੱਖਾਂ ਨੂੰ ਬੇਅਬਾਦ ਕਰਨ ਦੀ ਮਨਸ਼ਾ ਰੱਖਦੀਆਂ ਹਨ ਤਾਂ ਇਹ ਦੇਸ਼ ਅੰਦਰ ਘੱਟ ਗਿਣਤੀ ਸਿੱਖਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਪੂਰੀ ਦੁਨੀਆ ਦੇ ਸਿੱਖ, ਸ਼ਿਲੌਂਗ ਦੀ ਪੰਜਾਬੀ ਲੇਨ ਵਿੱਚ ਵੱਸਦੇ ਸਿੱਖਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਦੇਸ਼ ਦੁਨੀਆ ਅੰਦਰ ਵੱਸਦੇ ਸਿੱਖਾਂ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਵੀ ਵਿਸ਼ੇਸ਼ ਅਪੀਲ ਕੀਤੀ ਕਿ ਜੇਕਰ ਕਦੇ ਸ਼ਿਲੌਂਗ ਦੇ ਸਿੱਖਾਂ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਇਸ ਦੀ ਅਵਾਜ਼ ਅੰਤਰਰਾਸ਼ਟਰੀ ਪੱਧਰ ਉੱਤੇ ਪੂਰੀ ਚੜ੍ਹਦੀ ਕਲਾ ਨਾਲ ਬੁਲੰਦ ਕੀਤੀ ਜਾਵੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਰੱਖਿਆ ਦੀ ਗੱਲ ਆਈ ਹੈ ਤਾਂ ਬਹਾਦਰ ਸਿੱਖ ਕੌਮ ਨੇ ਹਮੇਸ਼ਾ ਹੀ ਮੋਹਰੀ ਭੂਮਿਕਾ ਨਿਭਾਈ ਹੈ। ਇਸ ਲਈ ਸਰਕਾਰਾਂ ਦੀ ਇਹ ਪਹਿਲੀ ਜ਼ਿੰਮੇਵਾਰੀ ਹੈ ਕਿ ਦੇਸ਼ ਅੰਦਰ ਵੱਸਦੇ ਸਿੱਖਾਂ ਦੇ ਹੱਕ ਅਤੇ ਹਿਤ ਸੁਰੱਖਿਅਤ ਰਹਿਣ ਨਾ ਕਿ ਉਨ੍ਹਾਂ ਨਾਲ ਕਿਸੇ ਕਿਸਮ ਦਾ ਜ਼ੁਲਮ ਜਾਂ ਧੱਕਾ ਹੋਵੇ।
ਸਮਾਗਮ ਦੌਰਾਨ ਮੇਘਾਲਿਆ ਸਰਕਾਰ ਦੇ ਕੈਬਨਿਟ ਮੰਤਰ ਸ੍ਰੀ ਸਨਬੋਰ ਸ਼ੁਲਾਈ ਨੇ ਵੀ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸ਼ਿਲੌਂਗ ਦੇ ਦਫ਼ਤਰ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਜਥੇਦਾਰ ਗੜਗੱਜ ਨੇ ਮੰਤਰੀ ਸ੍ਰੀ ਸਨਬੋਰ ਸ਼ੁਲਾਈ ਨੂੰ ਵੀ ਸ਼ਿਲੌਂਗ ਦੀ ਪੰਜਾਬੀ ਲੇਨ ਵਿੱਚ ਵੱਸਦੇ ਸਿੱਖਾਂ ਦਾ ਸਾਥ ਦੇਣ ਅਤੇ ਕਿਸੇ ਵੀ ਮੁਸੀਬਤ ਸਮੇਂ ਉਨ੍ਹਾਂ ਦੇ ਨਾਲ ਖੜ੍ਹਣ ਲਈ ਆਖਿਆ। ਉਨ੍ਹਾਂ ਮੇਘਾਲਿਆ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਸਨਬੋਰ ਸ਼ੁਲਾਈ ਨੂੰ ਕਿਹਾ ਰਾਜ ਧਰਮ ਨਿਭਾਉਣ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਕਰੀਬ ਦੋ ਸਦੀਆਂ ਤੋਂ ਇੱਥੇ ਵੱਸ ਰਹੇ ਸਿੱਖਾਂ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਵੀ ਸਾਨੂੰ ਹੱਕ ਸੱਚ ਦਾ ਸਾਥ ਦੇਣ ਅਤੇ ਜਬਰ ਜ਼ੁਲਮ ਦੇ ਵਿਰੁੱਧ ਖੜ੍ਹਣ ਦਾ ਸੰਦੇਸ਼ ਦਿੰਦੀ ਹੈ। ਕੈਬਨਿਟ ਮੰਤਰੀ ਸ੍ਰੀ ਸਨਬੋਰ ਸ਼ੁਲਾਈ ਨੇ ਜਥੇਦਾਰ ਗੜਗੱਜ ਨੂੰ ਭਰੋਸਾ ਦਿੱਤਾ ਕਿ ਉਹ ਇੱਥੇ ਵੱਸਦੇ ਸਿੱਖਾਂ ਦੇ ਨਾਲ ਹਨ।

ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗੜਗੱਜ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਲਾਕੇ ਵਿੱਚ ਸਿੱਖੀ ਸੇਵਾਵਾਂ ਨਿਭਾਉਣ ਵਾਲੀਆਂ ਸਿੱਖ ਸ਼ਖ਼ਸੀਅਤਾਂ ਦਾ ਸਿੰਘ ਸਾਹਿਬ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ, ਗੁਰਦੁਆਰਾ ਗੁਰੂ ਨਾਨਕ ਦਰਬਾਰ ਸ਼ਿਲੌਂਗ (ਮੇਘਾਲਿਆ) ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੁਰਜੀਤ ਸਿੰਘ, ਉੱਤਰ ਪੂਰਬ ਸਿੱਖ ਪ੍ਰਤੀਨਿੱਧ ਬੋਰਡ ਦੇ ਸੀਨੀਅਰ ਮੁੱਖ ਸਲਾਹਕਾਰ ਤੇ ਗੁਰਦੁਆਰਾ ਧੂਬੜੀ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਭੂਪਿੰਦਰਪਾਲ ਸਿੰਘ, ਸ. ਜਸਕਰਨ ਸਿੰਘ ਮੀਡੀਆ ਸਲਾਹਕਾਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਰਹੀ।
- PTC NEWS