ਪਟਿਆਲਾ - ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਤੈਅ ਨਹੀਂ ਕਰਵਾਈ-ਐਸ.ਡੀ.ਐਮ.

By  Joshi July 22nd 2018 05:33 PM

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਤੈਅ ਨਹੀਂ ਕਰਵਾਈ-ਐਸ.ਡੀ.ਐਮ.

-ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਨੂੰ ਕੋਈ ਮੰਗ ਪੱਤਰ ਵੀ ਨਹੀਂ ਸੌਂਪਿਆ, ਮੁੱਖ ਮੰਤਰੀ ਨਾਲ ਮੀਟਿੰਗ ਦਾ ਪ੍ਰਚਾਰ ਗੁੰਮਰਾਹਕੁਨ

ਪਟਿਆਲਾ, 22 ਜੁਲਾਈ:  ਪਟਿਆਲਾ ਦੇ ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ ਨੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਵੱਲੋਂ ਬੀਤੇ ਦਿਨ ਇਥੇ ਪੋਲੋ ਗਰਾਊਂਡ ਸਾਹਮਣੇ ਦਿੱਤੇ ਗਏ ਧਰਨੇ ਮਗਰੋਂ ਪ੍ਰਕਾਸ਼ਤ ਕਰਵਾਏ ਇਸ ਬਿਆਨ ਕਿ ''ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਲਈ 23 ਜੁਲਾਈ 2018 ਨੂੰ ਮੀਟਿੰਗ ਦਾ ਸਮਾਂ ਲੈਕੇ ਦਿੱਤਾ ਗਿਆ ਹੈ'' ਬਾਰੇ ਸਪੱਸ਼ਟ ਕੀਤਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਨੂੰ ਨਾ ਕੋਈ ਮੰਗ ਪੱਤਰ ਸੌਂਪਿਆ ਗਿਆ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਮੀਟਿੰਗ ਦਾ ਸਮਾਂ ਮੁੱਖ ਮੰਤਰੀ ਤੋਂ ਲੈ ਕੇ ਦਿੱਤਾ ਗਿਆ ਹੈ।

ਐਸ.ਡੀ.ਐਮ. ਸ. ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਧਰਨੇ ਨੂੰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀਂ ਗੱਲਬਾਤ ਕਰਨ ਉਪਰੰਤ ਸਮਾਪਤ ਕਰਵਾ ਦਿੱਤਾ ਗਿਆ ਸੀ ਪਰੰਤੂ ਅੱਜ ਕੁਝ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਵਿੱਚ ਇਹ ਲਿਖਿਆ ਗਿਆ ਹੈ ਕਿ ਪ੍ਰਸ਼ਾਸ਼ਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਤੋਂ ਮਿਤੀ 23 ਜੁਲਾਈ ਨੂੰ ਮੀਟਿੰਗ ਦਾ ਸਮਾਂ ਲੈ ਕੇ ਦਿੱਤਾ ਗਿਆ ਹੈ, ਜੋ ਕਿ ਗ਼ਲਤ ਅਤੇ ਗੁੰਮਰਾਹਕੁਨ ਹੈ।

ਐਸ.ਡੀ.ਐਮ. ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਅਜਿਹਾ ਕੋਈ ਬਿਆਨ ਵੀ ਮੀਡੀਆ ਨੂੰ ਨਹੀਂ ਦਿੱਤਾ, ਇਸ ਲਈ ਇਹ ਗ਼ਲਤ ਹੈ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ 23 ਜੁਲਾਈ ਲਈ ਮੁੱਖ ਮੰਤਰੀ ਤੋਂ ਕੋਈ ਮੀਟਿੰਗ ਦਾ ਸਮਾਂ ਲੈ ਕੇ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਵੀ ਨਹੀਂ ਸੌਂਪਿਆ ਗਿਆ।

—PTC News

Related Post