ਗੁਰਦਾਸਪੁਰ 'ਚ 19 ਮਿੰਟ ਤੱਕ ਘੁੰਮਦਾ ਰਿਹਾ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ

By  Riya Bawa October 4th 2022 09:13 AM -- Updated: October 4th 2022 09:17 AM

ਗੁਰਦਾਸਪੁਰ: ਆਏ ਦਿਨ ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ ਅਕਸਰ ਦੇਖਣ ਨੂੰ ਮਿਲਦੀ ਹੈ। ਡਰੋਨ ਦੀ ਮਦਦ ਨਾਲ ਭਾਰਤ ਵਾਲੇ ਪਾਸੇ ਨਸ਼ਾ ਅਤੇ ਹਥਿਆਰ ਭੇਜਣ ਦੀਆਂ ਵਿਰੋਧੀ ਅਨਸਰਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅੱਜ ਤਾਜਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਬੀਤੀ ਰਾਤ ਪੰਜਾਬ ਦੇ ਗੁਰਦਾਸਪੁਰ 'ਚ ਬੀਐਸਐਫ ਦੀ ਪੋਸਟ 'ਤੇ ਪਾਕਿਸਤਾਨੀ ਡਰੋਨ ਫਿਰ ਦੇਖਿਆ ਗਿਆ। ਡਰੋਨ ਭਾਰਤ ਦੀ ਸਰਹੱਦ ਦੇ ਅੰਦਰ 19 ਮਿੰਟ ਤੱਕ ਘੁੰਮਦਾ ਰਿਹਾ। ਬੀਐਸਐਫ ਦੇ ਜਵਾਨਾਂ ਨੇ ਉਸ 'ਤੇ ਕਈ ਰਾਉਂਡ ਫਾਇਰ ਵੀ ਕੀਤੇ।

ਬੀਓਪੀ ਦੀ ਆਬਾਦੀ ਵਾਲੇ ਖੇਤਰ ਵਿੱਚ ਰਾਤ 10:22 ਤੋਂ 3:00 ਵਜੇ ਤੱਕ 5 ਵਾਰ ਡਰੋਨ ਨੇ ਭਾਰਤੀ ਸਰਹੱਦਾਂ ਦੀ ਉਲੰਘਣਾ ਕੀਤੀ, ਬਹਾਦਰ ਜਵਾਨਾਂ ਨੇ ਇਸ 'ਤੇ 37 ਰਾਉਂਡ ਫਾਇਰ ਕੀਤੇ ਅਤੇ 12 ਰੌਸ਼ਨ ਬੰਬ ਦਾਗੇ, ਇਹ 10 ਕਿਲੋਮੀਟਰ ਅੰਦਰ ਤੱਕ ਗਿਆ।

ਇਹ ਵੀ ਪੜ੍ਹੋ:ਪੁਲਿਸ ਨੇ ਹੈਰੋਇਨ ਦੀ ਖੇਪ ਸਮੇਤ ਜਿੰਮ ਟ੍ਰੇਨਰ ਕੀਤਾ ਗ੍ਰਿਫ਼ਤਾਰ

ਪਿੰਡ ਦੇ ਲੋਕਾਂ ਨੇ ਇਸ ਦੀ ਆਵਾਜ਼ ਸੁਣੀ ਅਤੇ 1/2 ਨੇ ਦੱਸਿਆ ਕਿ ਉਨ੍ਹਾਂ ਨੇ ਇਹ ਵੀ ਦੇਖਿਆ ਹੈ ਕਿ ਪੁਲਿਸ ਨਾਲ ਪੂਰੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਇਲਾਕਾ ਬਟਾਲਾ ਪੁਲਿਸ, ਗੁਰਦਾਸਪੁਰ ਦੇ ਡੀਵੀਐਨ ਥਾਣਾ ਅਧੀਨ ਆਉਂਦਾ ਹੈ ਅਤੇ ਪਾਕਿਸਤਾਨੀ ਪੋਸਟ ਖੋਖਰ ਬੀਓਪੀ ਅਬਾਦ ਦੇ ਸਾਹਮਣੇ ਹੈ।

ਇਸ ਤੋਂ ਪਹਿਲਾਂ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀਓਪੀ ਪੁਰਾਣੀ ਸੁੰਦਰਗੜ੍ਹ ਵਿਖੇ ਦੇਰ ਰਾਤ ਡਰੋਨ ਦੀ ਹਲਚਲ ਦਿਖਾਈ ਦਿੱਤੀ। ਬੀਐਸਐਫ ਦੇ ਜਵਾਨਾਂ ਵੱਲੋਂ ਕੀਤੀ ਫਾਇਰਿੰਗ ਮਗਰੋਂ ਡਰੋਨ ਵਾਪਸ ਪਾਕਿਸਤਾਨ ਵਾਲੇ ਪਾਸੇ ਨੂੰ ਚਲਾ ਗਿਆ।

ਜ਼ਿਕਰਯੋਗ ਹੈ ਕਿ ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੀਆਂ ਚੌਂਕੀਆਂ ਤੇ ਅਕਸਰ ਹੀ ਡਰੋਨ ਦੀ ਹਲਚਲ ਦਿਖਾਈ ਦਿੰਦੀ ਹੈ। ਬੀਤੇ ਦਿਨੀਂ ਬੀਐਸਐਫ ਦੇ ਜਵਾਨਾਂ ਨੇ ਇਕ ਡਰੋਨ ਬਰਾਮਦ ਕੀਤਾ ਸੀ। ਇਸ ਸਬੰਧੀ ਜਾਂਚ ਚੱਲ ਰਹੀ ਹੈ।

(ਅਰਸ਼ੀ ਸਿੰਘ ਦੀ ਰਿਪੋਰਟ )

-PTC News

Related Post