ਪਟਿਆਲਾ: ਇੰਡੀਅਨ ਪੈਨਲ ਕੋਡ ਦੀ ਧਾਰਾ 188 ਦੇ ਤਹਿਤ ਪੁਲਿਸ ਵੱਲੋਂ 4 ਪਰਚੇ ਦਰਜ, ਪੜ੍ਹੋ ਪੂਰੀ ਜਾਣਕਾਰੀ

By  Jashan A March 23rd 2020 12:43 PM

ਪਟਿਆਲਾ: ਪਟਿਆਲਾ ਪੁਲਿਸ ਵਲੋਂ ਬੀਤੇ ਦਿਨ ਇੰਡੀਅਨ ਪੈਨਲ ਕੋਡ ਦੀ ਧਾਰਾ 188 ਦੇ ਤਹਿਤ 4 ਪਰਚੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿਚ ਇੱਕ ਪਟਿਆਲਾ ਦੀ ਕੋਤਵਾਲੀ ਪੁਲਿਸ ਵਲੋਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਕੇਸ ਰਜਿਸਟਰ ਕੀਤਾ ਹੈ ਜੋ ਬੀਤੀ ਸ਼ਾਮ ਥਾਲੀ ਚੱਮਚ ਖੜਕਾ ਕੇ ਜਲੂਸ ਦੀ ਸ਼ਕਲ ਵਿੱਚ ਮਾਰਚ ਕੱਢ ਰਹੇ ਸਨ। ਇਸੇ ਤਰੀਕੇ ਨਾਲ ਅਨਾਜ ਮੰਡੀ ਥਾਣੇ ਵਲੋਂ ਜਨਤਾ ਕਰਫ਼ਿਊ ਦੌਰਾਨ ਪਟਿਆਲਾ ਦੇ ਫੋਕਲ ਪੁਆਇੰਟ ਕੋਲ ਝੁੱਗੀ ਝੋਪੜੀਆਂ ਕੋਲ ਇਕੱਠ ਕਰਕੇ ਸ਼ਰਾਬ ਪੀ ਰਹੇ ਸਨ। ਇਸ ਤੋਂ ਇਲਾਵਾ ਰਾਜਪੁਰਾ ਤੇ ਗੰਡਾ ਖੇੜੀ ਥਾਣਿਆਂ ਵਲੋਂ ਕੋਰੋਨਾ ਵਾਇਰਿਸ ਸੰਬੰਧੀ ਝੂਠੀਆਂ ਅਫਵਾਹਾਂ ਫੈਲਾਉਣ ਦੇ ਤਹਿਤ ਪਰਚਾ ਕੀਤਾ ਗਿਆ ਹੈ। ਰਾਜਪੁਰਾ ਪੁਲਿਸ ਨੇ ਰਾਜਪੁਰਾ ਦੇ ਵਿਕਾਸ ਨਗਰ ਦੇ ਅਭਿਸ਼ੇਕ ਦੇ ਖ਼ਿਲਾਫ਼ ਝੂਠੀਆਂ ਅਫਵਾਹਾਂ ਫੈਲਾਉਣ ਦਾ ਮਾਮਲਾ ਦਰਜ ਕੀਤਾ ਹੈ। ਰਾਜਪੁਰਾ ਪੁਲਿਸ ਨੇ ਇੰਡੀਅਨ ਪੈਨਲ ਕੋਡ ਦੀ ਧਾਰਾ 188 ਦੇ ਤਹਿਤ ਇਹ ਕੇਸ ਰਜਿਸਟਰਡ ਕੀਤਾ ਹੈ। ਅਭਿਸ਼ੇਕ 'ਤੇ ਇਲਜ਼ਾਮ ਹੈ ਕਿ ਉਸ ਨੇ ਇਹ ਅਫਵਾਹ ਫੈਲਾਈ ਕਿ ਰਾਜਪੁਰਾ ਦੇ ਏ ਪੀ ਜੈਨ ਸਿਵਲ ਹਸਪਤਾਲ ਵਿਚ ਸ਼ੱਕੀ ਕੋਰੋਨਾ ਵਾਇਰਸ ਦਾ ਕੇਸ ਆਇਆ ਹੈ । ਪਟਿਆਲਾ ਜ਼ਿਲ੍ਹੇ ਦੇ ਹੀ ਗੰਡਾ ਖੇੜੀ ਥਾਣੇ ਵਲੋਂ ਚਲਹੇੜੀ ਪਿੰਡ ਦੇ ਮੰਗਤ ਸਿੰਘ ਖ਼ਿਲਾਫ਼ ਅਫਵਾਹਾਂ ਫੈਲਾਉਣ ਕਰਕੇ IPC ਦੀ ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਹੈ। ਘਨੌਰ ਹਲਕੇ ਦੇ ਸਾਹਲ ਪਿੰਡ ਦੇ ਜਸਪਾਲ ਸਿੰਘ ਦੀ ਸ਼ਿਕਾਇਤ ਤੇ ਇਹ ਪਰਚਾ ਦਰਜ ਕੀਤਾ ਗਿਆ ਹੈ। ਜਸਪਾਲ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਘਰ ਵਿਚ ਰਹਿ ਰਹੇ ਰਾਜ ਸਿੰਘ ਜਿਸ ਦੀ ਉਮਰ 70 ਸਾਲ ਸੀ ਅਤੇ ਦਿਲ ਦੇ ਰੋਗਾਂ ਤੋਂ ਪੀੜ੍ਹਤ ਸੀ ਅਤੇ ਹਾਰਟ ਅਟੈਕ ਨਾਲ ਰਾਜਪੁਰਾ ਦੇ ਏ ਪੀ ਜੈਨ ਸਿਵਲ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ। ਜਸਪਾਲ ਸਿੰਘ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਮੰਗਤ ਸਿੰਘ ਨੇ ਇਸ ਸਬੰਧੀ ਇੱਕ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਕਿ ਰਾਜ ਸਿੰਘ ਦੀ ਮੌਤ ਕੋਰੋਨਾ ਵਾਇਰਸ ਕਰਕੇ ਹੋਈ ਹੈ। -PTC News

Related Post