Thu, Dec 18, 2025
Whatsapp

ਦੇਸ਼ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਕਾਰਜਸ਼ੀਲ ਲੋਕਾਂ ਨੂੰ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇਗਾ- ਐਡਵੋਕੇਟ ਧਾਮੀ

Reported by:  PTC News Desk  Edited by:  Amritpal Singh -- November 25th 2023 05:54 PM
ਦੇਸ਼ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਕਾਰਜਸ਼ੀਲ ਲੋਕਾਂ ਨੂੰ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇਗਾ- ਐਡਵੋਕੇਟ ਧਾਮੀ

ਦੇਸ਼ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਕਾਰਜਸ਼ੀਲ ਲੋਕਾਂ ਨੂੰ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇਗਾ- ਐਡਵੋਕੇਟ ਧਾਮੀ

Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੇ ਮਾਮਲੇ ’ਤੇ ਬੁੱਧੀਜੀਵੀਆਂ ਅਤੇ ਕਾਨੂੰਨੀ ਮਾਹਰਾਂ ਦੀ ਇੱਥੇ ਸ੍ਰੀ ਕਲਗੀਧਰ ਨਿਵਾਸ ਵਿਖੇ ਬੁਲਾਈ ਗਈ ਵਿਸ਼ੇਸ਼ ਇਕੱਤਰਤਾ ਦੌਰਾਨ ਹਾਜਰ ਸਖ਼ਸ਼ੀਅਤਾਂ ਦੇ ਸੁਝਾਅ ਅਨੁਸਾਰ ਇਸ ਮੁੱਦੇ ਨੂੰ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤਹਿਤ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ’ਚ ਕੌਮੀ ਅਤੇ ਮਨੁੱਖੀ ਦਰਦ ਰੱਖਣ ਵਾਲਿਆਂ ਦੀ ਇੱਕ ਵਿਸ਼ਾਲ ਮੀਟਿੰਗ ਜਲਦ ਹੀ ਕੀਤੀ ਜਾਵੇਗੀ, ਜਿਸ ਵਿੱਚ ਭਾਰਤ ਦੇ ਹਰ ਖਿੱਤੇ ਦੇ ਨਾਲ-ਨਾਲ ਵਿਦੇਸ਼ਾਂ ਵਿੱਚੋਂ ਵੀ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ ਇਕੱਲੇ ਸਿੱਖ ਨਹੀਂ ਸਗੋਂ ਕਿਸੇ ਵੀ ਧਰਮ ਨਾਲ ਸਬੰਧਤ ਲੋਕ ਸ਼ਾਮਲ ਹੋਣਗੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਹਾਜਰ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਨੇ ਗੰਭੀਰਤਾ ਨਾਲ ਆਪਣੇ ਵਿਚਾਰ ਦਿੱਤੇ ਹਨ, ਜਿਸ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਲਈ ਭਵਿੱਖ ਵਿੱਚ ਕਾਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਹੁਤ ਹੀ ਕੀਮਤੀ ਸੁਝਾਅ ਇਕੱਤਰਤਾ ਵਿੱਚ ਪ੍ਰਾਪਤ ਹੋਏ ਹਨ, ਜਿਸ ਦੀ ਸ਼੍ਰੋਮਣੀ ਕਮੇਟੀ ਪੜਚੋਲ ਕਰਕੇ ਅਗਲੀ ਰਣਨੀਤੀ ਦਾ ਇੱਕ ਦਸਤਾਵੇਜ ਤਿਆਰ ਕਰੇਗੀ, ਫਿਲਹਾਲ ਮੁੱਢਲੇ ਤੌਰ ’ਤੇ ਕੁਝ ਪ੍ਰੋਗਰਾਮ ਉਲੀਕਣ ਦੀ ਸਹਿਮਤੀ ਬਣੀ ਹੈ।


ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਦੇ ਵਿਚਾਰਾਂ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਤੁਰੰਤ ਪ੍ਰਭਾਵ ਤੋਂ ਕੌਮੀ ਦਰਦ ਰੱਖਣ ਵਾਲਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਅਵਾਜ਼ ਚੁੱਕਣ ਵਾਲਿਆਂ ਨਾਲ ਰਾਬਤਾ ਕਾਇਮ ਕਰੇਗੀ। ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਾਂ ਤਹਿਤ ਇੱਕ ਸਰਗਰਮ ਪ੍ਰਚਾਰ ਲਹਿਰ ਵੀ ਅਰੰਭੀ ਜਾਵੇਗੀ, ਜਿਸ ਵਿੱਚ ਦੁਨੀਆ ਅਤੇ ਸਰਕਾਰਾਂ ਨੂੰ ਇਹ ਦੱਸਿਆ ਜਾਵੇਗਾ ਕਿ ਸਿੱਖ ਬੰਦੀ ਕੋਈ ਪੇਸ਼ੇਵਰ ਅਪਰਾਧੀ ਨਹੀਂ ਸਨ, ਸਗੋਂ ਇਨ੍ਹਾਂ ਨੇ ਕੌਮ ’ਤੇ ਜੁਲਮ ਵਿਰੁੱਧ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਕਦਮ ਚੁੱਕੇ ਸਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਹਰ ਮੰਚ ’ਤੇ ਅਵਾਜ਼ ਬੁਲੰਦ ਕੀਤੀ ਜਾਵੇਗੀ। ਵੱਖ-ਵੱਖ ਮੀਡੀਆ ਮਾਧਿਅਮਾਂ ਰਾਹੀਂ ਬਹੁ-ਭਾਸ਼ਾਈ ਡਾਕੂਮੈਂਟਰੀਆਂ ਤਿਆਰ ਕਰਕੇ ਪ੍ਰਸਾਰਿਤ ਕੀਤੀਆਂ ਜਾਣਗੀਆਂ, ਤਾਂ ਜੋ ਪੂਰੇ ਵਿਸ਼ਵ ਦੇ ਲੋਕਾਂ ਨੂੰ ਪਤਾ ਲਗ ਸਕੇ ਕਿ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਭਾਰਤ ਅੰਦਰ ਕਿਵੇਂ ਉਲੰਘਣ ਹੋ ਰਿਹਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਭਰ ਦੇ ਉਨ੍ਹਾਂ ਕੇਸਾਂ ਦਾ ਇੱਕ ਖਰੜਾ ਤਿਆਰ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਫਾਂਸੀ ਜਾਂ ਉਮਰ ਕੈਦ ਦੀਆਂ ਸਜ਼ਾਵਾਂ ਵਾਲੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਹੋਈ ਹੈ। ਇਹ ਜਾਣਕਾਰੀ ਇਕੱਠੀ ਕਰਕੇ ਸਰਕਾਰਾਂ, ਮਾਨਯੋਗ ਅਦਾਲਤਾਂ ਅਤੇ ਮਨੁੱਖੀ ਅਧਿਕਾਰਾਂ ਲਈ ਕਾਰਜਸ਼ੀਲ ਸੰਸਥਾਵਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਸਿੱਖਾਂ ਨਾਲ ਵਿਤਕਰਾ ਵਖਰੇਵਾਂ ਕਰਦਿਆਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਤਿੰਨ-ਤਿੰਨ ਦਹਾਕਿਆਂ ਤੋਂ ਨਜ਼ਰਬੰਦ ਰੱਖਿਆ ਹੋਇਆ ਹੈ। ਇਸ ਕਾਰਜ ਲਈ ਸੀਨੀਅਰ ਵਕੀਲਾਂ ਅਤੇ ਦੇਸ਼ ਭਰ ਵਿੱਚ ਮਾਨਵੀ ਹਿੱਤਾਂ ਦੀ ਰਖਵਾਲੀ ਕਰਨ ਵਾਲੇ ਨੁਮਾਇੰਦਿਆਂ ਦਾ ਸਹਿਯੋਗ ਲਿਆ ਜਾਵੇਗਾ। ਇਸ ਦੇ ਨਾਲ ਹੀ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਭਾਰਤ ਸਰਕਾਰ ਪਾਸ ਈ-ਮੇਲ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅਵਾਜ਼ ਉਠਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸੰਜੀਦਾ ਕੌਮੀ ਮਾਮਲੇ ’ਤੇ ਕੋਈ ਵੀ ਉਲੀਕਿਆ ਪ੍ਰੋਗਰਾਮ ਬਿਨਾਂ ਕਿਸੇ ਨਿਜੀ ਅਤੇ ਸਿਆਸੀ ਲਾਭ ਦੇ ਹੋਵੇਗਾ ਅਤੇ ਇਸ ਵਿੱਚ ਇਮਾਨਦਾਰੀ ਨਾਲ ਯਤਨ ਕਰਨ ਵਾਲੇ ਹਰ ਇੱਕ ਦਾ ਸਤਕਾਰ ਕੀਤਾ ਜਾਵੇਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਵਿਚਾਰ-ਵਟਾਂਦਰੇ ਲਈ ਜਲਦ ਹੀ ਜੇਲ੍ਹ ਵਿੱਚ ਮੁਲਾਕਾਤ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਹਰ ਬੰਦੀ ਸਿੰਘ ਨੇ ਆਪਣੇ ਨਿਜ ਲਈ ਨਹੀਂ ਸਗੋਂ ਕੌਮ ਲਈ ਸੰਘਰਸ਼ ਕੀਤਾ ਹੈ, ਜਿਸ ਨੂੰ ਵੇਖਦਿਆਂ ਇਨ੍ਹਾਂ ਦੇ ਨਾਲ ਹੈ।

ਇਕੱਤਰਤਾ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਹਾਜਰ ਸਖ਼ਸ਼ੀਅਤਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਉੱਥੇ ਹੀ ਕੁਝ ਵਿਦਵਾਨਾਂ ਅਤੇ ਕਾਨੂੰਨੀ ਮਾਹਰਾਂ ਵੱਲੋਂ ਲਿਖਤੀ ਤੌਰ ’ਤੇ ਵੀ ਆਪਣੇ ਸੁਝਾਅ ਭੇਜੇ ਗਏ।


- PTC NEWS

Top News view more...

Latest News view more...

PTC NETWORK
PTC NETWORK