ਡਰੋ ਨਾ , ਸਾਵਧਾਨੀ ਵਰਤੋ ! ਕੋਰੋਨਾਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ 'ਤੇ ਇੰਝ ਕਰੋ ਅਮਲ

By  Kaveri Joshi March 15th 2020 01:16 PM

ਵਿਸ਼ਵ ਸਿਹਤ ਸੰਗਠਨ ( WHO ) ਵਲੋਂ ਕਰੋਨਾ ਵਾਇਰਸ ਨੂੰ ਮਹਾਂਮਾਰੀ (Pandemic) ਐਲਾਨ ਦਿੱਤਾ ਗਿਆ ਹੈ , ਜਿਸਦੇ ਚਲਦੇ ਸਾਰੇ ਦੇਸ਼ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਕਰੜੇ ਪ੍ਰਬੰਧ ਕਰਨ 'ਚ ਜੁੱਟ ਚੁੱਕੇ ਹਨ। ਹਰ ਦੇਸ਼ ਦੇ ਨਾਗਰਿਕ ਖੁਦ ਨੂੰ ਸੁਰੱਖਿਅਤ ਰੱਖਣ ਪ੍ਰਤੀ ਸੁਚੇਤ ਹੋ ਰਹੇ ਹਨ । ਜਿੱਥੇ ਸਿਹਤ ਸੰਸਥਾਵਾਂ ਅਤੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਸਤੋਂ ਬਚਣ ਲਈ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ , ਉੱਥੇ ਸਾਡੇ ਲਈ ਵੀ ਇਹ ਜ਼ਰੂਰੀ ਹੈ ਕਿ ਅਸੀਂ ਕੁਝ ਵਿਸ਼ੇਸ਼ ਗੱਲਾਂ ਵੱਲ ਧਿਆਨ ਰੱਖੀਏ ਅਤੇ ਦੂਜਿਆਂ ਨੂੰ ਵੀ ਇਸ ਤੋਂ ਜਾਣੂ ਕਰਵਾਈਏ ਤਾਂ ਜੋ ਕਰੋਨਾ ਵਾਇਰਸ ਤੋਂ ਆਪਣਾ ਬਚਾਅ ਕੀਤਾ ਜਾ ਸਕੇ ।

ਇਹ ਵੇਲਾ ਬੇਸ਼ਕ ਨਾਜ਼ੁਕ ਲੱਗਦਾ ਪ੍ਰਤੀਤ ਹੋ ਰਿਹਾ ਹੈ , ਪਰ ਅਜਿਹੇ 'ਚ ਸਾਨੂੰ ਡਰਨ ਜਾਂ ਘਬਰਾਉਣ ਦੀ ਥਾਂ ਕੁਝ ਸਾਵਧਾਨੀਆਂ ਵਰਤਣ ਦੀ ਸਖ਼ਤ ਲੋੜ ਹੈ ਜਿਸਦੇ ਨਾਲ ਅਸੀਂ ਖੁਦ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਕੋਰੋਨਾ ਦੀ ਮਾਰ ਤੋਂ ਬਚਾ ਸਕਦੇ ਹਾਂ । ਧਿਆਨ ਦੇਣ ਯੋਗ ਗੱਲਾਂ :-

1. ਸੈਨੇਟਾਈਜ਼ਰ ਦੀ ਵਰਤੋਂ ਬਹੁਤ ਜ਼ਰੂਰੀ :- ਆਪਣੇ ਆਪ ਨੂੰ ਕੋਰੋਨਾ ਦੇ ਵਾਇਰਸ ਤੋਂ ਬਚਾ ਕੇ ਰੱਖਣ ਲਈ ਤੁਹਾਨੂੰ ਆਪਣੇ ਕੋਲ ਸੈਨੇਟਾਈਜ਼ਰ ਰੱਖਣ ਦੀ ਲੋੜ ਹੈ । ਬਾਜ਼ਾਰ ਜਾਣ ਵੇਲੇ , ਏ.ਟੀ.ਐੱਮ ਦਾ ਇਸਤੇਮਾਲ ਕਰਦੇ ਸਮੇਂ , ਘਰੇਲੂ ਸਮਾਨ ਖਰੀਦਦੇ ਸਮੇਂ , ਯਾਤਰਾ ਕਰਦੇ ਸਮੇਂ ਵੀ ਸੈਨੇਟਾਈਜ਼ਰ ਕੋਲ ਰੱਖੋ ਅਤੇ ਜ਼ਰੂਰਤ ਸਮੇਂ ਇਸਦਾ ਇਸਤੇਮਾਲ ਕਰੋ ।

2. ਬਾਰ-ਬਾਰ ਹੱਥ ਧੋਵੋ ।

3. ਬਿਮਾਰ ਹੋ ਤਾਂ ਭੀੜ 'ਚ ਜਾਣ ਤੋਂ ਗ਼ੁਰੇਜ਼ ਕਰੋ ਅਤੇ ਜੇਕਰ ਜਾਣਾ ਹੀ ਹੈ ਤਾਂ ਮਾਸਕ ਜ਼ਰੂਰ ਪਹਿਨ ਕੇ ਜਾਓ।

4. ਖੰਘਣ ਜਾਂ ਛਿੱਕ ਮਾਰਨ ਤੋਂ ਪਹਿਲਾਂ ਟਿਸ਼ੂ ਪੇਪਰ ਜਾਂ ਕੂਹਣੀ ਦੀ ਵਰਤੋਂ ਕਰੋ ।

5. ਜ਼ਿਆਦਾ ਬਿਮਾਰ ਹੋਣ ਦੀ ਸੂਰਤ 'ਚ ਤੁਰੰਤ ਡਾਕਟਰ ਕੋਲ ਜਾਓ ਅਤੇ ਟੈਸਟ ਕਰਵਾਓ।

6. ਸਾਵਧਾਨੀ ਵਜੋਂ 14 ਦਿਨ ਖੁਦ ਨੂੰ ਸੈਲਫ ਆਸੋਲੇਟ ਕਰ ਲਓ

7. ਗੈਜ਼ਰਟਸ ਦੀ ਸਫਾਈ ਦੀ ਜ਼ਰੂਰਤ :- ਅਸੀਂ ਖੁਦ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਹੱਥ ਧੋ ਸਕਦੇ ਹਾਂ , ਪਰ ਜਿੰਨ੍ਹਾਂ ਹੱਥਾਂ ਨਾਲ ਅਸੀਂ ਮੋਬਾਈਲ, ਕੰਪਿਊਟਰ , ਲੈਪਟਾਪ ਆਦਿ ਨੂੰ ਛੂੰਹਦੇ ਹਾਂ , ਉਹਨਾਂ ਨੂੰ 10 ਗੁਣਾਂ ਵੱਧ ਕੀਟਾਣੂਆਂ ਨੇ ਘੇਰਿਆ ਹੁੰਦਾ ਹੈ , ਇਸ ਲਈ ਜ਼ਰੂਰੀ ਹੈ ਕਿ ਕਿਸੇ ਕੀਟਨਾਸ਼ਕ ਲਿਕੁਈਡ ਨੂੰ ਕੱਪੜੇ ਜਾਂ ਰੂੰ ਨਾਲ ਲਗਾ ਕੇ ਇੰਨ੍ਹਾਂ ਨੂੰ ਸਾਫ਼ ਕਰ ਲਓ , ਅਤੇ ਕੰਪਿਊਟਰ ਆਦਿ ਨੂੰ ਇਸਤੇਮਾਲ ਕਰਨ ਤੋਂ ਬਾਅਦ ਵੀ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ ।

8. ਟਿਸ਼ੂ ਪੇਪਰ ਦਾ ਇਸਤੇਮਾਲ :- ਜੇਕਰ ਤੁਹਾਨੂੰ ਨਜ਼ਲਾ ਜਾਂ ਖਾਂਸੀ ਦੀ ਸ਼ਿਕਾਇਤ ਹੈ ਤਾਂ ਖਾਂਸੀ ਕਰਦੇ ਅਤੇ ਛਿੱਕ ਮਾਰਦੇ ਸਮੇਂ ਟਿਸ਼ੂ ਪੇਪਰ ਦਾ ਇਸਤੇਮਾਲ ਕਰੋ ਅਤੇ ਵਰਤੋਂ ਤੋਂ ਬਾਅਦ ਇਸਨੂੰ ਕੂੜੇਦਾਨ 'ਚ ਸੁੱਟ ਦਿਓ ।

9. ਗਰਮ ਜਾਂ ਕੋਸਾ ਪਾਣੀ ਪੀਓ :- ਥੋੜੇ-ਥੋੜੇ ਸਮੇਂ ਬਾਅਦ ਗਰਮ ਜਾਂ ਕੋਸਾ ਪਾਣੀ ਦਾ ਸੇਵਨ ਸਾਡੇ ਸਾਰਿਆਂ ਲਈ ਹੀ ਲਾਭਦਾਇਕ ਹੈ , ਇਸ ਲਈ ਜ਼ਰੂਰੀ ਹੈ ਕਿ ਪਾਣੀ ਦਾ ਸੇਵਨ ਕਰਦੇ ਰਹੋ ।

10. ਡਾਕਟਰਾਂ ਅਤੇ ਸਿਹਤ ਮਾਹਰਾਂ ਦੀਆਂ ਹਦਾਇਤਾਂ 'ਤੇ ਅਮਲ ਕਰੋ :- ਹਰ ਦੇਸ਼ 'ਚ ਸਰਕਾਰਾਂ ਅਤੇ ਸਿਹਤ ਵਿਭਾਗਾਂ ਵਲੋਂ ਕਰੋਨਾ ਤੋਂ ਬਚਣ ਲਈ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਇਸਨੂੰ ਆਪਣਾ ਕੇ ਅਸੀਂ ਕਰੋਨਾ ਵਰਗੇ ਘਾਤਕ ਵਾਇਰਸ ਤੋਂ ਆਪਣਾ ਬਚਾ ਕਰ ਸਕੀਏ , ਅਜਿਹੇ 'ਚ ਜ਼ਰੂਰਤ ਹੈ ਕਿ ਅਸੀਂ ਇਹਨਾਂ ਹਦਾਇਤਾਂ 'ਤੇ ਅਮਲ ਕਰੀਏ ਅਤੇ ਦੂਜੇ ਲੋਕਾਂ ਨੂੰ ਵੀ ਜਾਗਰੂਕ ਕਰੀਏ ।

Related Post