ਪੰਜਾਬ ਦੇ ਮੁੱਖ ਮੰਤਰੀ ਵਲੋਂ 38 ਹਜ਼ਾਰ ਕਿਸਾਨਾਂ ਲਈ 209 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਾ ਐਲਾਨ

By  Shanker Badra June 13th 2018 09:57 PM -- Updated: June 13th 2018 09:58 PM

ਪੰਜਾਬ ਦੇ ਮੁੱਖ ਮੰਤਰੀ ਵਲੋਂ 38 ਹਜ਼ਾਰ ਕਿਸਾਨਾਂ ਲਈ 209 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਾ ਐਲਾਨ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰੀ ਸੋਸਾਇਟੀਆਂ ਤੋਂ ਕਰਜ਼ਾ ਲੈਣ ਬਾਰੇ 38 ਹਜ਼ਾਰ ਸੀਮਾਂਤ ਕਿਸਾਨਾਂ ਨੂੰ 209 ਕਰੋੜ ਰੁਪਏ ਦੀ ਕਰਜ਼ਾ ਰਾਹਤ ਦੇਣ ਦਾ ਐਲਾਨ ਕੀਤਾ ਹੈ।ਇਹ ਕਰਜ਼ਾ ਰਾਹਤ ਅਗਲੇ 10 ਦਿਨਾਂ ਵਿੱਚ ਵੰਡੀ ਜਾਵੇਗੀ ਜਿਸਦੇ ਨਾਲ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਦਾ ਪਹਿਲਾ ਪੜਾਅ ਮੁਕੰਮਲ ਹੋ ਜਾਵੇਗਾ।ਇਸ ਸਕੀਮ ਦੀ ਪ੍ਰਗਤੀ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 277633 ਸੀਮਾਂਤ ਕਿਸਾਨਾਂ ਨੂੰ ਪਹਿਲੇ ਪੜਾਅ ਦੌਰਾਨ 1525.61 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਵਾਈ ਗਈ ਹੈ।ਇਹ ਰਾਹਤ ਸਿੱਧੇ ਤੌਰ 'ਤੇ ਉਨ੍ਹਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਗਈ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਹਿਕਾਰੀ ਸੋਸਾਇਟੀਆਂ ਦੇ ਮੈਂਬਰ 3.43 ਲੱਖ ਸੀਮਾਂਤ ਕਿਸਾਨਾਂ ਵਿਚੋਂ 27179 ਕਿਸਾਨ ਅਯੋਗ ਪਾਏ ਗਏ ਹਨ।ਇਹ ਕਿਸਾਨ ਜਾਂ ਤਾਂ ਸਹਿਕਾਰੀ/ ਅਰਧ ਸਹਿਕਾਰੀ ਮੁਲਾਜ਼ਮਾਂ ਵੱਜੋਂ ਸੇਵਾ ਕਰ ਰਹੇ ਹਨ ਜਾਂ ਉਨ੍ਹਾਂ ਨੇ ਸਕੀਮ ਦੀ ਯੋਗਤਾ ਬਾਰੇ ਮਾਪਦੰਡ ਪੂਰੇ ਨਹੀਂ ਕੀਤੇ।ਇਸ ਤੋਂ ਇਲਾਵਾ 19706 ਹੋਰ ਕਿਸਾਨਾਂ ਨੇ ਲਾਜਮੀ ਸਵੈਂ ਘੋਸ਼ਣਾ ਫਾਰਮ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ। ਮੁੱਖ ਮੰਤਰੀ ਨੇ ਦੱਸਿਆ ਕਿ 38 ਹਜ਼ਾਰ ਕਿਸਾਨਾਂ ਨੂੰ ਅਗਲੇ 10 ਦਿਨਾਂ ਦੌਰਾਨ ਕਰਜ਼ਾ ਰਾਹਤ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਕਰਕੇ ਕੋਈ ਯੋਗ ਕਿਸਾਨ ਇਸ ਸਕੀਮ ਵਿੱਚੋ ਬਾਹਰ ਰਹਿ ਗਿਆ ਤਾਂ ਉਹ ਇਲਾਕੇ ਦੇ ਸਬ ਡਿਵੀਜ਼ਨਲ ਮੈਜੀਸਟ੍ਰੇਟ ਨਾਲ ਸੰਪਰਕ ਕਰ ਸਕਦਾ ਹੈ ਜੋ ਕਿ ਆਪਣੀ ਅਗਵਾਈ ਵਾਲੀ ਕਮੇਟੀ ਨਾਲ ਵਿਚਾਰ ਵਿਟਾਂਦਰਾ ਕਰਕੇ ਇਸ ਦਾ ਹੱਲ ਕਰੇਗਾ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਦੂਜੇ ਪੜਾਅ ਦੌਰਾਨ ਸਹਿਕਾਰੀ ਸੋਸਾਈਟੀਆਂ ਨਾਲ ਸਬੰਧਤ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਵੰਡੀ ਜਾਵੇਗੀ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਪਾਰਕ ਬੈਂਕਾਂ ਨੇ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ ਡਾਟਾ ਅਪਲੋਡ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ।ਇਹ ਕੰਮ ਇਸ ਮਕਸਦ ਲਈ ਵਿਸ਼ੇਸ ਤੌਰ 'ਤੇ ਬਣਾਏ ਗਏ ਪੋਰਟਲ ਦੇ ਰਾਹੀਂ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਖੇਤੀਬਾੜੀ ਅਤੇ ਵਿੱਤ ਵਿਭਾਗਾਂ ਨੂੰ ਸੂਬੇ ਦੀਆਂ ਵਪਾਰਕ ਬੈਂਕਾਂ ਦੇ ਕਾਰਜ ਸਬੰਧੀ ਪੈਰਵੀ ਕਰਨ ਲਈ ਆਖਿਆ ਹੈ ਤਾਂ ਜੋ ਡਾਟੇ ਨੂੰ ਤੇਜ਼ੀ ਨਾਲ ਅਪਲੋਡ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਯੋਗ ਲਾਭਪਾਤਰੀਆਂ ਦੀ ਪੜਤਾਲ ਅਤੇ ਉਨ੍ਹਾਂ ਨੂੰ ਰਾਹਤ ਦੀ ਰਾਸ਼ੀ ਵੰਡਣ ਦਾ ਕੰਮ ਜਲਦੀ ਤੋਂ ਜਲਦੀ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਹਿਕਾਰੀ ਸੋਸਾਇਟੀਆਂ ਨਾਲ ਸਬੰਧਤ ਸੀਮਾਂਤ ਕਿਸਾਨ ਜਿਨ੍ਹਾਂ ਨੂੰ ਅਜੇ 2 ਲੱਖ ਰੁਪਏ ਦੀ ਪੂਰੀ ਰਾਹਤ ਰਾਸ਼ੀ ਪ੍ਰਾਪਤ ਨਹੀਂ ਹੋਈ,ਉਹ ਵਪਾਰਕ ਬੈਂਕਾਂ ਤੋਂ ਲਏ ਗਏ ਕਰਜ਼ੇ ਦੀ ਬਕਾਇਆ ਰਾਸ਼ੀ ਲਈ ਵੀ ਯੋਗ ਹੋਣਗੇ। ਕਰਜ਼ੇ ਦੇ ਬੋਝ ਹੇਠ ਦੱਬੀ ਕਿਸਾਨੀ ਨੂੰ ਸੰਕਟ ਵਿਚੋਂ ਕੱਢਣ ਵਾਸਤੇ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾ 2017 ਤੋਂ ਪਹਿਲਾਂ ਕੀਤੇ ਗਏ ਵਾਅਦੇ ਨੂੰ ਹਰ ਕੀਮਤ 'ਤੇ ਪੂਰਾ ਕੀਤਾ ਜਾਵੇਗਾ। -PTCNews

Related Post