ਕੈਪਟਨ ਵੱਲੋਂ ਜਾਇਦਾਦ ਨਾਲ ਜੁੜੀਆਂ ਸੇਵਾਵਾਂ ਨਿਰਵਿਘਨ ਮੁਹੱਈਆ ਕਰਵਾਉਣ ਲਈ ਆਨਲਾਈਨ ਸਿਟੀਜ਼ਨ ਪੋਰਟਲ ਦੀ ਸ਼ੁਰੂਆਤ 

By  Shanker Badra May 5th 2021 07:56 PM

ਚੰਡੀਗੜ੍ਹ : ਸੂਬੇ ਭਰ ਦੀਆਂ ਸਾਰੀਆਂ ਸਹਿਰੀ ਵਿਕਾਸ ਅਥਾਰਟੀਆਂ ਦੇ ਕੰਮਕਾਜ ਵਿੱਚ ਕੁਸ਼ਲਤਾ ਲਿਆਉਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਜਾਇਦਾਦ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਨਿਰਵਿਘਨ ਅਤੇ ਸੌਖੇ ਢੰਗ ਨਾਲ ਮੁਹੱਈਆ ਕਰਾਉਣ ਹਿੱਤ ਇੱਕ ਆਨਲਾਈਨ ਸਿਟੀਜ਼ਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ। ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਦੀ ਇਸ ਲੋਕ-ਪੱਖੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸੂਬੇ ਭਰ ਦੇ ਨਾਗਰਿਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਉਹ ਜਾਇਦਾਦ ਦੇ ਮਾਮਲਿਆਂ ਸੰਬੰਧੀ ਸਾਰੀਆਂ ਸੇਵਾਵਾਂ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਾਪਤ ਕਰ ਸਕਣਗੇ ਜਿਸ ਨਾਲ ਕੰਮ ਵਿੱਚ ਲੱਗਣ ਵਾਲੀ ਦੇਰੀ ਨੂੰ ਘੱਟ ਕਰਨ ਦੇ ਨਾਲ-ਨਾਲ ਅਤੇ ਪ੍ਰਕਿਰਿਆ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾ ਸਕੇਗਾ। ਕੈਬਨਿਟ ਮੀਟਿੰਗ ਦੌਰਾਨ ਪੋਰਟਲ ਦੇ ਉਦਘਾਟਨ ਸਮੇਂ ਪੇਸ਼ਕਾਰੀ ਕਰਦਿਆਂ ਮਕਾਨ ਉਸਾਰੀ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਨੇ ਮੰਤਰੀ ਮੰਡਲ ਨੂੰ ਦੱਸਿਆ ਕਿ ਪੋਰਟਲ ਨੂੰ ਸਿਸਟਮ ਵਿੱਚ ਬਿਨਾਂ ਕਿਸੇ ਤਬਦੀਲੀ ਦੇ ਹਰੇਕ ਸੇਵਾ ਵਿੱਚ ਕਾਰੋਬਾਰ ਪ੍ਰਕਿਰਿਆ/ਕੰਮ ਦੇ ਪ੍ਰਵਾਹ ਨੂੰ ਸਰਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਸਾਰੇ ਦਸਤਾਵੇਜ਼ ਅਤੇ ਨੋਟਿੰਗ ਡਿਜ਼ੀਟਲੀ ਹਸਤਾਖਰ ਕੀਤੇ ਹੋਏ ਹਨ ਅਤੇ ਅੰਗੂਠੇ ਨਾਲ ਬਾਇਓਮੀਟ੍ਰਿਕ ਡਿਵਾਈਸ 'ਤੇ ਨਿਸ਼ਾਨਬੱਧ ਕੀਤਾ ਗਿਆ ਹੈ ਤਾਂ ਜੋ ਇਹ ਕੰਮ ਕਿਸੇ ਹੋਰ ਨੂੰ ਨਾ ਦਿੱਤਾ ਜਾ ਸਕੇ। ਇਸ ਨਾਲ ਐਕਟਾਂ, ਨਿਯਮਾਂ, ਮਾਸਟਰ ਪਲਾਨਾਂ, ਟੈਂਡਰ/ਨਿਲਾਮੀ ਨੋਟਿਸਾਂ/ਜਾਇਦਾਦ ਮਾਲਕਾਂ ਦੇ ਬਕਾਏ/ਜਾਇਦਾਦ ਦੇ ਵੇਰਵਿਆਂ ਦੀ ਸਾਰੀ ਜਾਣਕਾਰੀ ਇਕੋ ਵੈਬਸਾਈਟ 'ਤੇ ਉਪਲੱਬਧ ਹੋਵੇਗੀ। ਇਸ ਸਾਫਟਵੇਅਰ ਨੂੰ ਕਿਸੇ ਵੀ ਨਵੀਂ ਸੇਵਾ ਲਈ ਕਿਸੇ ਵੀ ਵਿਭਾਗ ਲਈ ਅਸਾਨੀ ਨਾਲ ਮੁੜ ਤਰਤੀਬ (ਕੌਨਫਿਗਰ) ਦਿੱਤੀ ਜਾ ਸਕਦੀ ਹੈ ਕਿਉਂਜੋ ਮੁੱਖ ਤੌਰ 'ਤੇ ਸਾਰੀਆਂ ਸਰਕਾਰੀ ਪ੍ਰਕਿਰਿਆਵਾਂ ਇਕੋ ਜਿਹੀਆਂ ਹਨ। -PTCNews

Related Post