ਪੰਜਾਬ ਕਾਂਗਰਸ ਵੱਲੋਂ 'ਸ਼ਰਾਬ ਨੀਤੀ' ਅਤੇ 'ਨਾਜਾਇਜ਼ ਮਾਈਨਿੰਗ' ਦੀ ਸੀ.ਬੀ.ਆਈ ਜਾਂਚ ਦੀ ਮੰਗ

By  Jasmeet Singh September 1st 2022 01:46 PM -- Updated: September 1st 2022 05:53 PM

ਚੰਡੀਗੜ੍ਹ, 1 ਸਤੰਬਰ: ਪੰਜਾਬ ਕਾਂਗਰਸ ਵੱਲੋਂ ਅੱਜ ਪੰਜਾਬ ਦੇ ਦੋ ਭਖਦੇ ਮੁੱਦਿਆਂ ਨੂੰ ਵਿਸ਼ਾ ਬਣਾ ਕੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵੱਖ ਵੱਖ ਮੰਗ ਪੱਤਰ ਸੌਂਪੇ ਗਏ ਹਨ। 'ਸ਼ਰਾਬ ਨੀਤੀ' 'ਅਤੇ ਨਾਜਾਇਜ਼ ਮਾਈਨਿੰਗ' ਨੂੰ ਲੈ ਕੇ ਪਾਰਟੀ ਨੇ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦਾ ਕਹਿਣਾ ਕਿ 'ਪੰਜਾਬ ਸ਼ਰਾਬ ਨੀਤੀ' ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਭੂਮਿਕਾ ਦੀ ਵੀ ਵਿਸ਼ੇਸ਼ ਜਾਂਚ ਹੋਣੀ ਚਾਹੀਦੀ ਹੈ ਜਿਸ ਨਾਲ ਰਾਜ ਸਰਕਾਰ ਨੂੰ ਵੱਡਾ ਮਾਲੀਆ ਨੁਕਸਾਨ ਹੋਇਆ ਹੈ। ਕਾਂਗਰਸ ਨੇ ਇਲਜ਼ਾਮ ਲਾਇਆ ਕਿ 'ਸ਼ਰਾਬ ਨੀਤੀ' ਕੁੱਝ ਚੋਣਵੇਂ ਠੇਕੇਦਾਰਾਂ ਦੇ ਅਨੁਕੂਲ ਬਣਾਈ ਗਈ ਹੈ ਜੋ ਸਰਕਾਰ ਦੇ ਨੇੜੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੁਆਰਾ ਲਾਗੂ ਕੀਤੀ ਗਈ 'ਸ਼ਰਾਬ ਨੀਤੀ' ਦਿੱਲੀ ਵਿੱਚ ਸ਼ਰਾਬ ਨੀਤੀ ਦੀ ਪ੍ਰਤੀਰੂਪ ਹੈ, ਜਿੱਥੇ ਕੁੱਝ ਚੋਣਵੇਂ ਲੋਕਾਂ ਨੂੰ ਇਜਾਰੇਦਾਰੀ ਦੇ ਨਾਲ-ਨਾਲ ਵੱਡਾ ਲਾਭ ਪ੍ਰਦਾਨ ਕੀਤਾ ਗਿਆ ਸੀ। ਪਾਰਟੀ ਨੇ ਇਲਜ਼ਾਮ ਲਾਇਆ ਕਿ ਜਦੋਂ ਲੈਫ਼ਟੀਨੈਂਟ ਗਵਰਨਰ ਦਿੱਲੀ ਨੇ ਕੇਂਦਰੀ ਜਾਂਚ ਬਿਊਰੋ ਨੂੰ ਨੀਤੀ ਦੀ ਜਾਂਚ ਦੀ ਸਿਫ਼ਾਰਸ਼ ਕੀਤੀ ਉਦੋਂ ਦਿੱਲੀ ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ, ਜੋ ਸਪਸ਼ਟ ਤੌਰ 'ਤੇ ਅਪਰਾਧ ਦਾ ਇਕਬਾਲ ਹੈ।


ਦੱਸਣਯੋਗ ਹੈ ਕਿ ਦਿੱਲੀ ਸ਼ਰਾਬ ਨੀਤੀ ਦੀ ਹੁਣ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਸਬੰਧ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਵਿਰੁੱਧ ਵੀ ਕੇਸ ਦਰਜ ਕੀਤਾ ਹੈ। ਪੰਜਾਬ ਕਾਂਗਰਸ ਵੱਲੋਂ ਰਾਜਪਾਲ ਪੰਜਾਬ ਨੂੰ ਸੂਬੇ ਦੀ ਸ਼ਰਾਬ ਨੀਤੀ ਦੀ ਦਿੱਲੀ ਦੇ ਤਰਜ਼ 'ਤੇ ਜਾਂਚ ਦੇ ਹੁਕਮ ਦੇਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਨੇ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ 'ਚ ਪਾ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਫ਼ੀਆ ਦੀ ਸਰਪ੍ਰਸਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਹਲਫ਼ਨਾਮਾ ਪੇਸ਼ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਬੀਐਸਐਫ ਨੇ ਕਿਹਾ ਕਿ ਇਹ ਦੇਸ਼ ਲਈ ਇੱਕ ਸੁਰੱਖਿਆ ਖ਼ਤਰਾ ਹੈ ਕਿਉਂਕਿ ਗੈਰ-ਕਾਨੂੰਨੀ ਮਾਈਨਿੰਗ ਕਾਰਨ ਵੱਡੇ ਟੋਏ ਪੈ ਜਾਂਦੇ ਹਨ ਜਿਸ ਨਾਲ ਪਾਕਿਸਤਾਨ ਵਰਗਾ ਦੁਸ਼ਮਣ ਗੁਆਂਢੀ ਮੁਲਕ ਕਦੇ ਵੀ ਇੱਥੇ ਤਬਾਹੀ ਮਚਾਉਣ ਲਈ ਘੁਸਪੈਠ ਕਰ ਸਕਦਾ।


ਉਨ੍ਹਾਂ ਦਾ ਕਹਿਣਾ ਕਿ ਪਾਕਿਸਤਾਨ ਆਪਣੀ ਨਾਪਾਕ ਗਤੀਵਿਧੀਆਂ ਜਿਵੇਂ ਕਿ ਹਥਿਆਰ ਅਤੇ ਗੋਲਾ-ਬਾਰੂਦ ਦੀ ਤਸਕਰੀ ਲਈ ਵੀ ਇਨ੍ਹਾਂ ਡੂੰਘੀਆਂ ਖੱਡਾਂ ਦੀ ਵਰਤੋਂ ਕਰ ਸਕਦਾ ਹੈ। ਕਾਂਗਰਸ ਦਾ ਕਹਿਣਾ ਕਿ ਉਨ੍ਹਾਂ ਨੂੰ ਸਰਕਾਰ 'ਤੇ ਭਰੋਸਾ ਨਹੀਂ ਹੈ ਇਸ ਲਈ ਪਾਰਟੀ ਚਾਹੁੰਦੀ ਹੈ ਕਿ ਇਸ ਮਾਮਲੇ ਦੀ ਵੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ।



ਇਸ ਦੇ ਨਾਲ ਹੀ ਕਾਂਗਰਸੀ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਰਨਤਾਰਨ ਮਾਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਆਖਿਰ ਉਹ ਕੌਣ ਲੋਕ ਹਨ ਜੋ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਚੇਹਰਾ ਬੇਨਕਾਬ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕਾਂਗਰਸੀ ਆਗੂ ਨੇ ਕਿਹਾ ਕਿ ਉਹ ਕੱਲ੍ਹ ਸਵੇਰੇ 10:00 ਵਜੇ ਉਥੇ ਜਾਣਗੇ ਅਤੇ ਦੋਵਾਂ ਭਾਈਚਾਰਿਆਂ (ਸਿੱਖ ਅਤੇ ਈਸਾਈ) ਦੇ ਲੋਕਾਂ ਨੂੰ ਮਿਲ ਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਲੈਣਗੇ।

ਇਹ ਵੀ ਪੜ੍ਹੋ: ਸਰਕਾਰ ਨੇ 4 ਮਹੀਨੇ ਵਿੱਚ ਪੰਜਾਬ ਨੂੰ 12 ਹਜ਼ਾਰ ਕਰੋੜ ਦਾ ਕੀਤਾ ਕਰਜਾਈ: ਹਰਸਿਮਰਤ ਕੌਰ ਬਾਦਲ



-PTC News

Related Post