Coronavirus: ਕੋਰੋਨਾ ਵਾਇਰਸ ਕਰਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ, ਪੜ੍ਹੋ ਪੂਰੀ ਖ਼ਬਰ 

By  Shanker Badra March 19th 2020 02:08 PM -- Updated: March 19th 2020 03:10 PM

Coronavirus: ਕੋਰੋਨਾ ਵਾਇਰਸ ਕਰਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ,ਪੜ੍ਹੋ ਪੂਰੀ ਖ਼ਬਰ:ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਵਿੱਚ ਨਿੱਜੀ ਤੇ ਸਰਕਾਰੀ ਬੱਸਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।ਪੰਜਾਬ ਵਿੱਚ ਸਾਰੇ ਟੈਂਪੂ ਤੇ ਆਟੋ ਰਿਕਸ਼ਾ ਵੀ ਬੰਦ ਕੀਤੇ ਗਏ ਹਨ। ਲੋਕ ਕੇਵਲ ਆਪਣੇ ਨਿਜੀ ਵਾਹਨਾਂ ਉੱਪਰ ਹੀ ਸਫ਼ਰ ਕਰ ਸਕਣਗੇ ਅਤੇ ਇਹ ਸਾਰੇ ਫ਼ੈਸਲੇ ਸ਼ੁੱਕਰਵਾਰ ਅੱਧੀ ਰਾਤ ਤੋਂ ਬਾਅਦ ਲਾਗੂ ਹੋਣਗੇ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ ਮੰਤਰੀਆਂ ਦੀ ਮੀਟਿੰਗ 'ਚ ਇਸ ਸਬੰਧੀ ਫ਼ੈਸਲਾ ਲਿਆ ਗਿਆ ਹੈ। ਜਿਸ ਤੋਂ ਬਾਅਦ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੰਜਾਬ ਦੀਆਂ ਨਿੱਜੀ ਤੇ ਸਰਕਾਰੀ ਬੱਸਾਂ ਨੂੰ ਸ਼ੁੱਕਰਵਾਰ ਦੇਰ ਰਾਤ ਤੋਂ ਬੰਦ ਕੀਤਾ ਜਾਵੇਗਾ। ਸਰਕਾਰੀ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਸੀਮਤ ਕੀਤੀ ਅਤੇ ਕੇਵਲ ਜ਼ਰੂਰੀ ਕੰਮਾਂ ਲਈ ਹੀ ਆਮ ਜਨਤਾ ਨੂੰ ਦਫ਼ਤਰਾਂ ਵਿੱਚ ਆਉਣ ਦੀ ਇਜਾਜ਼ਤ ਮਿਲੇਗੀ।

ਇਸ ਦੇ ਨਾਲ ਹੀ ਦਸਵੀਂ, ਬਾਰ੍ਹਵੀਂ ਸਮੇਤ ਸਾਰੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਮੰਤਰੀ ਮੰਡਲ ਵਲੋਂ ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਧਾਰਮਿਕ ਸਮਾਗਮਾਂ 'ਚ ਵੀ 50 ਤੋਂ ਗਿਣਤੀ ਘੱਟ ਕਰਕੇ 20 ਲੋਕਾਂ ਦੀ ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 219,237 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 8,967 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ 169 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਕੋਰੋਨਾ ਵਾਇਰਸ ਦੇ ਕੁੱਲ 35,713 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 2,978 ਹੋ ਗਈ ਹੈ।

-PTCNews

Related Post