ਪੰਜਾਬ ਦੇ ਮੰਤਰੀ ਲੋਕਾਂ ਦੀਆਂ ਤਕਲੀਫਾਂ ਖ਼ਤਮ ਕਰਨ ਥਾਂ ਇੱਕ ਦੂਜੇ ਉੱਤੇ ਸੁੱਟ ਰਹੇ ਨੇ ਜ਼ਿੰਮੇਵਾਰੀ:ਮਜੀਠੀਆ

By  Shanker Badra November 6th 2018 09:57 PM

ਪੰਜਾਬ ਦੇ ਮੰਤਰੀ ਲੋਕਾਂ ਦੀਆਂ ਤਕਲੀਫਾਂ ਖ਼ਤਮ ਕਰਨ ਥਾਂ ਇੱਕ ਦੂਜੇ ਉੱਤੇ ਸੁੱਟ ਰਹੇ ਨੇ ਜ਼ਿੰਮੇਵਾਰੀ:ਮਜੀਠੀਆ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਅੰਦਰ ਡੇਂਗੂ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਜਦਕਿ ਪੰਜਾਬ ਸਰਕਾਰ ਮੰਤਰੀ ਇਸ ਦੀ ਰੋਕਥਾਮ ਵਾਸਤੇ ਠੋਸ ਕਾਰਵਾਈ ਕਰਨ ਦੀ ਬਜਾਇ ਇੱਕ ਦੂਜੇ ਉੱਤੇ ਜ਼ਿੰਮੇਵਾਰੀ ਸੁੱਟਣ ਵਿਚ ਰੁੱਝੇ ਹੋਏ ਹਨ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕ੍ਰਮਵਾਰ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਡੇਂਗੂ ਦੀ ਰੋਕਥਾਮ ਵਾਸਤੇ ਜਰੂਰੀ ਕਦਮ ਨਾ ਚੁੱਕਣ ਲਈ ਨਵਜੋਤ ਸਿੰਘ ਸਿੱਧੂ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਉਹਨਾਂ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਹੋਣ ਕਰਕੇ ਸਿੱਧੂ ਸ਼ਹਿਰੀ ਇਲਾਕਿਆਂ ਵਿਚ ਡੇਂਗੂ ਦੀ ਬੀਮਾਰੀ ਫੈਲਣ ਵਾਸਤੇ ਜ਼ਿੰਮੇਵਾਰ ਹੈ ਜਦਕਿ ਬਾਜਵਾ ਪੇਂਡੂ ਇਲਾਕਿਆਂ ਵਿਚ ਡੇਂਗੂ ਦੇ ਪ੍ਰਕੋਪ ਲਈ ਜ਼ਿੰਮੇਵਾਰ ਹੈ।

ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਅੰਦਰ ਇਸ ਜਾਨਲੇਵਾ ਬੀਮਾਰੀ ਦੇ ਫੈਲਣ ਲਈ ਮਹਿੰਦਰਾ ਨੇ ਪੂਰੀ ਤਰ੍ਹਾਂ ਆਪਣੇ ਦੋ ਸੀਨੀਅਰ ਸਾਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰੰਤੂ ਮਹਿੰਦਰਾ ਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਦੂਜਿਆਂ ਉੱਤੇ ਜ਼ਿੰਮਵਾਰੀ ਸੁੱਟ ਕੇ ਉਹ ਖੁਦ ਸੁਰਖਰੂ ਨਹੀਂ ਹੋ ਜਾਂਦਾ।ਉਹਨਾਂ ਕਿਹਾ ਕਿ ਸੰਸਦੀ ਲੋਕਤੰਤਰ ਅੰਦਰ ਕੋਈ ਵੱਡੀ ਕੋਤਾਹੀ ਹੋ ਜਾਣ ਉੱਤੇ ਸਿਰਫ ਸੰਬੰਧਿਤ ਮੰਤਰੀ ਹੀਂ ਨਹੀਂ, ਸਗੋਂ ਪੂਰਾ ਮੰਤਰੀ ਮੰਡਲ ਹੀ ਜ਼ਿੰਮੇਵਾਰ ਹੁੰਦਾ ਹੈ, ਕਿਉਂਕਿ ਉਹਨਾਂ ਨੇ 'ਡੁੱਬਣਾ ਜਾਂ ਤਰਨਾ ਇਕੱਠਿਆਂ' ਹੁੰਦਾ ਹੈ।ਉਹਨਾਂ ਕਿਹਾ ਕਿ ਇਸ ਮਾਮਲੇ ਕੈਬਨਿਟ ਨੇ ਇਕੱਠਿਆਂ ਡੁੱਬਣ ਦਾ ਫੈਸਲਾ ਕਰ ਲਿਆ ਹੈ।

ਮਜੀਠੀਆ ਨੇ ਕਿਹਾ ਕਿ ਮਹਿੰਦਰਾ ਵੱਲੋਂ ਆਪਣੇ ਦੋਵੇਂ ਸਾਥੀਆਂ ਸਿੱਧੂ ਅਤੇ ਬਾਜਵੇ ਕੋਲੋਂ ਇਹ ਉਮੀਦ ਕਰਨਾ ਕਿ ਉਹ ਡੇਂਗੂ ਨੂੰ ਮਹਾਂਮਾਰੀ ਬਣਨ ਤੋਂ ਰੋਕਣ ਲਈ ਠੋਸ ਕਦਮ ਚੁੱਕਣਗੇ, ਚੰਨ ਨੂੰ ਹੱਥ ਵਿਚ ਲੈਣ ਵਾਂਗ ਸੀ।ਉਹਨਾਂ ਕਿਹਾ ਕਿ ਇਹਨਾਂ ਮਹੀਨਿਆਂ ਦੌਰਾਨ ਸਿੱਧੂ ਵਿਰੋਧੀ ਧਿਰ ਨਾਲ ਤੁੱਛ ਮਸਲਿਆਂ ਨੂੰ ਲੈ ਕੇ ਉਲਝਣ ਤੋਂ ਇਲਾਵਾ ਅੰਮ੍ਰਿਤਸਰ ਰੇਲ ਹਾਦਸੇ ਦੇ ਮਾਮਲੇ ਵਿਚੋਂ ਆਪਣੀ ਪਤਨੀ ਨੂੰ ਬਚਾਉਣ ਲਈ ਰੁੱਝਿਆ ਰਿਹਾ ਹੈ, ਉੱਧਰ ਦੂਜੇ ਪਾਸੇ ਬਾਜਵਾ ਗਰਮਖਿਆਲੀਆਂ ਨਾਲ ਸਾਂਝਾਂ ਪਾਉਣ, ਦੇਸ਼ ਨੂੰ ਤੋੜਣ ਲਈ ਕਰਵਾਈ ਜਾ ਰਹੀ ਰਾਇਸ਼ੁਮਾਰੀ 2020 ਦਾ ਸਮਰਥਨ ਕਰਨ ਅਤੇ ਅਸਿੱਧੇ ਤੌਰ ਤੇ ਸੂਬੇ ਅੰਦਰ ਅੱਤਵਾਦ ਨੂੰ ਸੁਰਜੀਤ ਕਰਨ ਵਿਚ ਉਲਝਿਆ ਰਿਹਾ ਹੈ।ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਦੇ ਇਹਨਾਂ ਦੋਵੇਂ 'ਨਵਰਤਨਾਂ' ਕੋਲ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਦੀ ਵਿਹਲ ਨਹੀਂ ਹੈ।

ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਕਦੀ ਹੀ ਆਪਣੇ ਮੰਤਰਾਲੇ ਦੇ ਸਮਾਗਮਾਂ ਵਿਚ ਭਾਗ ਲੈਂਦਾ ਹੈ।ਇਸ ਦੀ ਥਾਂ ਉਹ ਮੀਡੀਆ ਵਿਚ ਸੁਰਖੀਆਂ ਬਟੋਰਨ ਵਾਸਤੇ ਘਟੀਆ ਕਿਸਮ ਦੀ ਜੁਮਲੇਬਾਜ਼ੀ ਅਤੇ ਦਕੀਆਨੂਸੀ ਡਰਾਮੇਬਾਜ਼ੀ ਕਰਨ ਵਿਚ ਰੁੱਝਾ ਰਹਿੰਦਾ ਹੈ, ਕਿਉਂਕਿ ਉਹ ਸਿਆਸਤ ਨੂੰ ਵੀ ਇੱਕ ਕਾਮੇਡੀ ਸ਼ੋਅ ਹੀ ਸਮਝਦਾ ਹੈ।ਮਜੀਠੀਆ ਨੇ ਮਹਿੰਦਰਾ ਨੂੰ ਸਲਾਹ ਦਿੱਤੀ ਕਿ ਹੁਣ ਉਹ ਫਟੇ ਹੋਏ ਦੁੱਧ ਬਾਰੇ ਸੋਚਣ ਵਿਚ ਸਮਾਂ ਬਰਬਾਦ ਨਾ ਕਰਨ ਅਤੇ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਤੁਰੰਤ ਠੋਸ ਕਦਮ ਚੁੱਕਣ ਤਾਂ ਕਿ ਲੋਕਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ। ਉਹਨਾਂ ਕਿਹਾ ਕਿ ਬਿਨਾਂ ਸ਼ੱਕ ਇਸ ਵੱਡੀ ਲਾਪਰਵਾਹੀ ਲਈ ਸਿੱਧੂ ਅਤੇ ਬਾਜਵਾ ਜ਼ਿੰਮੇਵਾਰ ਹਨ, ਪਰ ਇੱਕ ਦੂਜੇ ਉੱਤੇ ਜ਼ਿੰਮੇਵਾਰੀ ਸੁੱਟਣ ਨਾਲ ਲੋਕਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ। ਜੱਗ ਜਾਣਦਾ ਹੈ ਕਿ ਇਹ ਦੋਵੇਂ ਮੰਤਰੀ ਨਿਕੰਮੇ ਹਨ।

-PTCNews

Related Post