ਨਵਾਂਸ਼ਹਿਰ ਇਕ ਵਾਰ ਫਿਰ ਹੋਇਆ ਕੋਰੋਨਾ ਮੁਕਤ, ਆਖਰੀ ਦੋ ਮਰੀਜ਼ਾਂ ਨੂੰ ਮਿਲੀ ਛੁੱਟੀ

By  Shanker Badra May 25th 2020 07:20 PM

ਨਵਾਂਸ਼ਹਿਰ ਇਕ ਵਾਰ ਫਿਰ ਹੋਇਆ ਕੋਰੋਨਾ ਮੁਕਤ, ਆਖਰੀ ਦੋ ਮਰੀਜ਼ਾਂ ਨੂੰ ਮਿਲੀ ਛੁੱਟੀ:ਨਵਾਂਸ਼ਹਿਰ : ਕੋਰੋਨਾ ਵਾਇਰਸ ਖ਼ਿਲਾਫ਼ ਇੱਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਅੱਜ ਆਪਣੇ ਆਖਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਭੇਜਣ ਤੋਂ ਬਾਅਦ ਇੱਕ ਵਾਰ ਫ਼ਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਅੱਜ ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼ ਜ਼ਿਲ੍ਹੇ ਦੀ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਸਥਾਪਿਤ ਦੂਸਰੀ ਆਈਸੋਲੇਸ਼ਨ ਸੁਵਿਧਾ ’ਚ ਇਲਾਜ ਅਧੀਨ ਸਨ।

ਆਈਸੋਲੇਸ਼ਨ ਸੁਵਿਧਾ ਦੇ ਇੰਚਾਰਜ ਅਤੇ ਬੰਗਾ ਦੇ ਐਸ ਐਮ ਓ ਡਾ. ਕਵਿਤਾ ਭਾਟੀਆ ਨੇ ਆਪਣੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਇਸ ਸਫ਼ਲਤਾ ਨੂੰ ਬਿਆਨ ਕਰਦਿਆਂ ਦੱਸਿਆ ਕਿ ਇਸ ਆਈਸੋਲੇਸ਼ਨ ਸੁਵਿਧਾ ’ਚ ਸਾਡੇ ਕੋਲ 21 ਕੋਵਿਡ ਪਾਜ਼ਿਟਿਵ ਮਰੀਜ਼ ਆਏ ਸਨ। ਸਾਡੇ ਲਈ ਆਈਸੋਲੇਸ਼ਨ ਵਾਰਡ ਦੀ ਨਵੀਂ ਸ਼ੁਰੂਆਤ ਹੋਣ ਕਾਰਨ ਇਹ ਸਾਡੇ ਲਈ ਕਿਸੇ ਚਣੌਤੀ ਤੋਂ ਘੱਟ ਨਹੀਂ ਸੀ ਪਰ ਅਸੀਂ ਖੁਸ਼ਕਿਸਮਤ ਰਹੇ ਕਿ ਸਾਡੀ ਟੀਮ ਦੀ ਮੇਹਨਤ ਸਕਦਾ ਸਾਰੇ ਹੀ ਮਰੀਜ਼ ਬਿਨਾਂ ਕਿਸੇ ਜਾਨੀ ਨੁਸਕਾਨ ਤੋਂ ਸਿਹਤਯਾਬ ਹੋ ਕੇ ਘਰਾਂ ਨੂੰ ਜਾਣ ’ਚ ਸਫ਼ਲ ਰਹੇ।

ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਿਹਤਯਾਬ ਹੋਏ ਕੇਸਾਂ ’ਚੋਂ 101 ਜ਼ਿਲ੍ਹੇ ਨਾਲ ਸਬੰਧਤ ਸਨ ਜਦਕਿ 11 ਦੂਸਰੇ ਜ਼ਿਲ੍ਹਿਆਂ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਨੰਦੇੜ ਤੋਂ ਜ਼ਿਲ੍ਹੇ ’ਚ ਆਏ ਲੋਕਾਂ ਦੇ ‘ਇਕਾਂਤਵਾਸ’ ’ਚ ਰੱਖੇ ਜਾਣ ਦੌਰਾਨ ਲਏ ਗਏ ਸੈਂਪਲਾਂ ਬਾਅਦ ਜ਼ਿਲ੍ਹੇ ’ਚ ਇਕ ਦਮ ਕੋਵਿਡ ਕੇਸਾਂ ’ਚ ਤੇਜ਼ੀ ਆ ਗਈ ਸੀ ਪਰੰਤੂ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਅਸੀਂ ਹਰ ਇੱਕ ਨੂੰ ਠੀਕ ਕਰਕੇ ਘਰ ਭੇਜਣ ’ਚ ਸਫ਼ਲ ਹੋਏ ਹਾਂ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕਿਹਾ ਕਿ ਬੀਤੀ 22 ਅਪਰੈਲ ਨੂੰ ਪਠਲਾਵਾ ਨਾਲ ਸਬੰਧਤ ਆਖਰੀ ਮਰੀਜ਼ ਨੂੰ ਘਰ ਭੇਜਣ ਬਾਅਦ ਕੋਵਿਡ ਮੁਕਤ ਹੋਏ ਜ਼ਿਲ੍ਹੇ ’ਚ 25 ਅਪਰੈਲ ਨੂੰ ਆਏ ਨਵੇਂ ਕੇਸ ਤੋਂ ਬਾਅਦ ਸੂਚੀ ਨਿਰੰਤਰ ਲੰਬੀ ਹੁੰਦੀ ਗਈ ਸੀ ਪਰ ਸਾਡੇ ਸਮੁੱਚੇ ਸਿਹਤ ਅਮਲੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਗਿਆਨੀ ਬਲਦੇਵ ਸਿੰਘ ਪਠਲਾਵਾ ਦੀ ਦੁਖਦਾਈ ਮੌਤ ਬਾਅਦ ਜ਼ਿਲ੍ਹੇ ’ਚ ਹੋਰ ਕੋਈ ਅਜਿਹਾ ਦੁਖਾਂਤ ਵਾਪਰਨ ਤੋਂ ਪਹਿਲਾਂ ਹੀ ਸਮੁੱਚੀ ਸਥਿਤੀ ਨੂੰ ਸੰਭਾਲ ਲਿਆ ਗਿਆ।

-PTCNews

Related Post