ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨੂੰ ਜਾਣਕਾਰੀ ਦੇਣ ਲਈ ਇਕ ਹੋਰ ਕੇਂਦਰ ਸਥਾਪਤ

By  Jasmeet Singh December 9th 2022 05:57 PM

ਅੰਮ੍ਰਿਤਸਰ, 9 ਦਸੰਬਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀ ਸੰਗਤ ਨੂੰ ਲੋੜੀਂਦੀ ਜਾਣਕਾਰੀ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਸਰਾਂ ਨਜ਼ਦੀਕ ਇਕ ਹੋਰ ਪੁੱਛਗਿਛ ਕੇਂਦਰ ਸਥਾਪਤ ਕੀਤਾ ਹੈ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਇਕ ਸਹਾਇਤਾ ਕੇਂਦਰ ਕਾਰਜਸ਼ੀਲ ਹੈ। ਇਹ ਦੋਵੇਂ ਕੇਂਦਰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਸੂਚਨਾ ਕੇਂਦਰ ਨਾਲ ਜੋੜੇ ਗਏ ਹਨ। ਅੱਜ ਕਾਰਜਸ਼ੀਲ ਕੀਤੇ ਗਏ ਪੁੱਛਗਿਛ ਕੇਂਦਰ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਰਦਾਸ ਉਪਰੰਤ ਕੀਤਾ। ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪੁੱਜਦੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਲੋੜੀਂਦੀ ਜਾਣਕਾਰੀ ਦੇਣ ਵਾਲੇ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੀਆਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਅਤੇ ਇਥੇ ਸਥਿਤ ਅਸਥਾਨਾਂ, ਸਰਾਵਾਂ ਤੇ ਲੰਗਰ ਆਦਿ ਬਾਰੇ ਜਾਣਕਾਰੀ ਇਨ੍ਹਾਂ ਕੇਂਦਰਾਂ ਰਾਹੀਂ ਦਿੱਤੀ ਜਾਵੇਗੀ। ਇਥੇ ਸਿੱਖੀ ਨਾਲ ਸਬੰਧਤ ਵੱਖ-ਵੱਖ ਭਾਸ਼ਾਵਾਂ ਦਾ ਸਾਹਿਤ ਵੀ ਸੰਗਤ ਨੂੰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਸੂਚਨਾ ਕੇਂਦਰ ਵਿਖੇ ਸੂਚਨਾ ਅਫ਼ਸਰ ਤੇ ਗਾਈਡ ਨਿਰੰਤਰ ਸੇਵਾਵਾਂ ਦੇ ਰਹੇ ਹਨ, ਪਰੰਤੂ ਵੱਖ-ਵੱਖ ਪਾਸਿਆਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵੇਸ਼ ਕਰਨ ਵਾਲੀ ਸੰਗਤ ਲਈ ਇਹ ਸਹਾਇਤਾ ਕੇਂਦਰ ਫਾਇਦੇਮੰਦ ਸਾਬਤ ਹੋਣਗੇ।

Related Post