ਚਾਇਨਾ ਡੋਰ ਦਾ ਕਹਿਰ ਜਾਰੀ: ਡੋਰ ’ਚ ਕਰੰਟ ਆਉਣ ਕਾਰਨ ਮਾਸੂਮ ਝੁਲਸਿਆ

ਹੁਸ਼ਿਆਰਪੁਰ ਦੇ ਮੁਹੱਲਾ ਦੀਪ ਨਗਰ ਵਿਖੇ ਚਾਇਨਾ ਡੋਰ ਤੋਂ ਕਰੰਟ ਪੈਣ ਕਾਰਨ ਇੱਕ 10 ਸਾਲ ਦਾ ਮਾਸੂਮ ਬੱਚਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ।

By  Aarti January 28th 2023 03:30 PM

ਵਿੱਕੀ ਅਰੋੜਾ (ਹੁਸ਼ਿਆਰਪੁਰ, 28 ਜਨਵਰੀ): ਇੱਕ ਪਾਸੇ ਜਿੱਥੇ ਚਾਇਨਾ ਡੋਰ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਬੇਸ਼ੱਕ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸਦੇ ਦੂਜੇ ਪਾਸੇ ਚਾਇਨਾ ਡੋਰ ਦੇ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਗੰਭੀਰ ਜ਼ਖਮੀ ਵੀ ਹੋਏ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਦੀਪ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਚਾਇਨਾ ਡੋਰ ਤੋਂ ਕਰੰਟ ਪੈਣ ਕਾਰਨ ਇੱਕ 10 ਸਾਲ ਦਾ ਮਾਸੂਮ ਬੱਚਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ। 

ਮਿਲੀ ਜਾਣਕਾਰੀ ਮੁਤਾਬਿਕ ਝੁਲਸਣ ਕਾਰਨ ਬੱਚੇ ਦਾ ਇੱਕ ਪੈਰ ਤੇ ਲੱਤ ਬੇਹੱਦ ਹੀ ਬੁਰੇ ਤਰੀਕੇ ਨਾਲ ਨੁਕਸ਼ਾਨੇ ਗਏ ਜਿਸਨੂੰ ਇਲਾਜ ਲਈ ਤੁਰੰਤ ਉਸਦੇ ਪਰਿਵਾਰ ਵਲੋਂ ਉਸਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਜਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਇਸਦਾ ਇਲਾਜ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਗਿਆ।  

ਹਾਦਸੇ ਦੀ ਜਾਣਕਾਰੀ ਦਿੰਦਿਆਂ ਬੱਚੇ ਤਨਿਸ਼ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਉਪਰੋ ਬਿਜਲੀ ਦੀਆਂ ਤਾਰਾਂ ਲੱਗਦੀਆਂ ਹਨ ਜੋ ਕਿ ਕਾਫੀ ਉੱਚਾਈ ’ਤੇ ਹੈ। ਤਨਿਸ਼ ਆਪਣੀ ਭੈਣ ਨਾਲ ਘਰ ਦੀ ਛੱਤ ’ਤੇ ਖੇਡ ਰਿਹਾ ਸੀ ਤੇ ਇਸ ਦੌਰਾਨ ਇੱਕ ਕੱਟ ਕੇ ਆਇਆ ਪਤੰਗ ਜਿਸ ਨਾਲ ਚਾਇਨਾ ਡੋਰ ਸੀ ਆ ਕੇ ਬਿਜਲੀ ਦੀਆਂ ਤਾਰਾਂ ’ਚ ਫਸ ਗਿਆ ਅਤੇ ਕੋਠੇ ’ਤੇ ਖੇਡ ਰਿਹਾ ਤਨਿਸ਼ ਦੇ ਪੈਰ ਨਾਲ ਡੋਰ ਲੱਗ ਗਈ ਜਿਸ ਕਾਰਨ ਉਸਨੂੰ ਜ਼ੋਰਦਾਰ ਕਰੰਟ ਪਿਆ ਜਿਸਨੂੰ ਬੜੀ ਮੁਸ਼ਕਿਲ ਨਾਲ ਛੁਡਵਾਇਆ ਗਿਆ। ਪਰ ਤਨਿਸ਼ ਗੰਭੀਰ ਜ਼ਖਮੀ ਹੋ ਗਿਆ ਤੇ ਉਸਦੀ ਇੱਕ ਲੱਤ ਤੇ ਪੈਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। 

ਮੌਕੇ ’ਤੇ ਪਹੁੰਚੇ ਸਰਬੱਤ ਦਾ ਭਲਾ ਵੈਲਫ਼ੇਅਰ ਸੋਸਾਇਟੀ ਦੇ ਚੇਅਰਮੈਨ ਡਾਕਟਰ ਪੀਐਸ ਮਾਨ ਨੇ ਪੀੜਤ ਪਰਿਵਾਰ ਦਾ ਹਾਲ ਜਾਣਿਆ ਅਤੇ ਪਰਿਵਾਰ ਦੀ ਹਰ ਮਦਦ ਕਰਨ ਦਾ ਭਰੋਸਾ ਦਿੱਤਾ। ਡਾਕਟਰ ਪੀਐਸ ਮਾਨ ਨੇ ਕਿਹਾ ਕਿ ਸਰਕਾਰ ਨੂੰ ਚਾਇਨਾ ਡੋਰ ’ਤੇ ਪੂਰੀ ਤਰ੍ਹਾਂ ਨਾਲ ਸਖ਼ਤੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਇਸਦਾ ਸ਼ਿਕਾਰ ਨਾ ਹੋਵੇ।  

ਇਹ ਵੀ ਪੜ੍ਹੋ: ਚਰਨਜੀਤ ਚੰਨੀ ਸਮੇਤ 90 ਵਿਧਾਇਕਾਂ ਤੋਂ ਵਾਪਸ ਮੰਗੇ ਕਾਰ ਪਾਰਕਿੰਗ ਦੇ ਸਟਿੱਕਰ

Related Post