ਜਿਮਨੀ ਚੋਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਅਜਿਹੀਆਂ ਗਤੀਵਿਧੀਆਂ ’ਤੇ ਸਖ਼ਤ ਨਿਗਰਾਨੀ ਰੱਖਣ ਦੀ ਲੋੜ ’ਤੇ ਜ਼ੋਰ

ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਅੱਜ ਨੂਰਮਹਿਲ ਅਤੇ ਫਿਲੌਰ ਖੇਤਰ ਦੇ ਮੰਡ ਇਲਾਕਿਆਂ ਵਿੱਚ ਵਿਸ਼ੇਸ਼ ਅਪਰੇਸ਼ਨ ਦੌਰਾਨ 19000 ਕਿਲੋ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ।

By  Jasmeet Singh April 20th 2023 07:35 PM

ਜਲੰਧਰ: ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਅੱਜ ਨੂਰਮਹਿਲ ਅਤੇ ਫਿਲੌਰ ਖੇਤਰ ਦੇ ਮੰਡ ਇਲਾਕਿਆਂ ਵਿੱਚ ਵਿਸ਼ੇਸ਼ ਅਪਰੇਸ਼ਨ ਦੌਰਾਨ 19000 ਕਿਲੋ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ।

ਜਿਮਨੀ ਚੋਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਨਿਰਦੇਸ਼ ਦਿੱਤੇ ਕਿ ਅਜਿਹੀਆਂ ਗਤੀਵਿਧੀਆਂ ਖਿਲਾਫ਼ ਪੂਰੀ ਸਖ਼ਤੀ ਵਰਤੀ ਜਾਵੇ ਤਾਂ ਜੋ ਪਾਰਦਰਸ਼ੀ ਢੰਗ ਨਾਲ ਚੋਣ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ ਦੀ ਵਿਕਰੀ ਅਤੇ ਸਮਗਲਿੰਗ ਸਬੰਧੀ ਸੂਚਨਾ ਮਿਲਦਿਆਂ ਹੀ ਬਣਦੀ  ਕਾਰਵਾਈ ਫੌਰੀ ਅਮਲ ਵਿੱਚ ਲਿਆਂਦੀ ਜਾਵੇ। 


ਆਬਕਾਰੀ ਵਿਭਾਗ ਵਲੋਂ ਅੱਜ ਚਲਾਏ ਅਪਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਆਬਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰਾਂ ਦੀ ਟੀਮ ਜਿਸ ਵਿੱਚ ਰਵਿੰਦਰ ਸਿੰਘ, ਰਾਮ ਮੂਰਤੀ ਅਤੇ ਬਲਦੇਵ ਕ੍ਰਿਸ਼ਨ ਸ਼ਾਮਿਲ ਸਨ ਨੇ ਪੁਲਿਸ ਸਟਾਫ਼ ਸਮੇਤ ਸਤਲੁਜ ਦਰਿਆ ਕੰਢੇ ਪੈਂਦੇ ਪਿੰਡ ਭੋਡੇ, ਬੁਰਜ, ਸੰਘੋਵਾਲ, ਢਗਾਰਾ, ਮਿਓਂਵਾਲ ਅਤੇ ਗੰਨਾ ਪਿੰਡ ਵਿਖੇ ਪਲਾਸਟਿਕ ਦੀਆਂ 38 ਤਰਪਾਲਾਂ ਵਿੱਚ ਪਈ ਲਾਹਣ ਬਰਾਮਦ ਕੀਤੀ। 


ਉਨ੍ਹਾਂ ਦੱਸਿਆ ਕਿ ਹਰ ਤਰਪਾਲ ਵਿੱਚ 500 ਕਿਲੋ ਲਾਹਣ ਸੀ ਜੋ ਕਿ 19000 ਕਿਲੋ ਬਣਦੀ ਹੈ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟੀਮਾਂ ਵਲੋਂ ਨਜਾਇਜ਼ ਸ਼ਰਾਬ ਦੀਆਂ 25 ਬੋਤਲਾਂ, 5 ਲੋਹੇ ਦੇ ਡਰੰਮ, ਦੋ ਪੀਪੇ ਆਦਿ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਬਿਲਗਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

Related Post