ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਸਬੰਧੀ ਜਾਰੀ ਹੁਕਮ ਨੂੰ ਆਖਿਆ ਤਾਨਾਸ਼ਾਹੀ ਫਰਮਾਨ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਜਾਰੀ ਹੁਕਮਾਂ ਨੂੰ ਤਾਨਾਸ਼ਾਹੀ ਫਰਮਾਨ ਕਰਾਰ ਦਿੱਤਾ ਹੈ।

By  Aarti March 10th 2023 04:10 PM

ਪਤਰਸ ਮਸੀਹ (ਫਿਲੌਰ, 10 ਮਾਰਚ): ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਜਾਰੀ ਹੁਕਮਾਂ ਨੂੰ ਤਾਨਾਸ਼ਾਹੀ ਫਰਮਾਨ ਕਰਾਰ ਦਿੱਤਾ ਹੈ। ਇਸ ਸਬੰਧੀ ਆਗੂਆਂ ਨੇ ਮੰਗ ਕੀਤੀ ਹੈ ਕਿ ਜੇ ਪੰਜਾਬ ਸਰਕਾਰ ਸੱਚ ਮੁੱਚ ਹੀ ਸਿੱਖਿਆ ਵਿੱਚ ਕ੍ਰਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਉਹ ਸਦਨ ਵਿੱਚ ਕਾਨੂੰਨ ਪਾਸ ਕਰੇ ਕਿ ਖਜ਼ਾਨੇ ਵਿੱਚੋਂ ਲਾਭ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਗ੍ਰਹਿਣ ਕਰਨ ਚਾਹੇ ਮੁੱਖ ਮੰਤਰੀ, ਮੰਤਰੀ,ਵਿਧਾਇਕ, ਡੀ ਸੀ ਜਾਂ ਕੋਈ ਵੀ ਹੋਰ ਮੁਲਾਜ਼ਮ ਜਾਂ ਆਮ ਲੋਕ ਹੋਣ, ਤਾਂ ਹੀ ਇੱਕ ਸਾਂਝੀ ਸਿੱਖਿਆ ਪ੍ਰਣਾਲੀ ਕਾਇਮ ਕੀਤੀ ਜਾ ਸਕਦੀ ਹੈ। 

ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਢਾਂਚਾਗਤ ਸੁਧਾਰ ਕੀਤੇ ਬਿਨਾਂ ਤੇ ਜਿੱਥੇ ਅਧਿਆਪਕਾਂ ਦੀਆਂ ਹਜਾਰਾਂ ਅਸਾਮੀਆਂ ਖਾਲੀ ਹੋਣ, ਅਧਿਆਪਕਾਂ ਤੋਂ ਲਏ ਜਾਣ ਵਾਲੇ ਗੈਰ ਵਿਦਿਅਕ ਕੰਮਾਂ ਦੀ ਭਰਮਾਰ ਹੋਵੇ, ਇੱਕ ਇੱਕ ਅਧਿਆਪਕ ਸੱਤ ਸੱਤ ਜਮਾਤਾਂ ਨੂੰ ਸੰਭਾਲਦਾ ਹੋਵੇ, ਉੱਥੇ ਮੈਗਾ ਦਾਖਲਿਆਂ ਦੇ ਨਾਮ ਤੇ ਅਧਿਆਪਕਾਂ ਤੇ ਦਾਖਲਾ ਵਧਾਉਣ ਦਾ ਫਰਮਾਨ ਜਾਰੀ ਕਰਨਾ ਅੰਕੜਿਆਂ ਦੇ ਫਰਜੀ ਵਾੜੇ ਨੂੰ ਜਨਮ ਦੇਵੇਗਾ। 

ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਸੇ ਤਾਂ ਘਰੇਲੂ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਧਿਆਪਕ ਬੱਚਿਆਂ ਦੀ ਸਾਲ ਭਰ ਕੀਤੀ ਮਿਹਨਤ ਦਾ ਮੁਲਾਕਣ ਕਰ ਰਹੇ ਹਨ ਤੇ ਪੇਪਰ ਛੱਡ ਕੇ ਉਨ੍ਹਾਂ ਨੂੰ ਦਾਖਲਾ ਰੈਲੀਆਂ ਲਈ ਪਿੰਡਾਂ ਵਿੱਚ ਤੋਰਨਾ ਤਰਕਸੰਗਤ ਨਹੀਂ ਹੈ। ਸਰਕਾਰ ਸਿਰਫ਼ ਫੋਕੀ ਬਿਆਨਬਾਜੀ ਤੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਸਾਰੇ ਅਡੰਬਰ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਦਾਖਲਾ ਕਦੇ ਵੀ ਧੱਕੇ ਨਾਲ ਜਾਂ ਬਾਂਹ ਮਰੋੜਕੇ ਨਹੀਂ ਹੁੰਦਾ, ਅਧਿਆਪਕ ਤਾਂ ਸਿਰਫ਼ ਪ੍ਰੇਰਨਾ ਰਾਹੀਂ ਜਾਂ ਬੇਨਤੀ ਰਾਂਹੀ ਹੀ ਦਾਖਲੇ ਲਈ ਲੋਕਾਂ ਨੂੰ ਕਹਿ ਸਕਦੇ ਹਨ। 

ਦੱਸ ਦਈਏ ਕਿ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 10 ਮਾਰਚ ਤੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲੇ ਲਈ ਵੱਡੀ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ। ਜਿਸ ਨੂੰ ਲੈ ਕੇ ਸੂਬੇ ਦੇ ਸਮੂਹ ਸਿੱਖਿਆ ਅਧਿਕਾਰੀਆਂ ਅਤੇ ਜ਼ਿਲ੍ਹਾ ਟੀਮਾਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਖਲਾ ਮੁਹਿੰਮ ਦੇ ਪਹਿਲੇ ਦਿਨ ਇੱਕ ਦਿਨ ਵਿੱਚ 1 ਲੱਖ ਨਵੇਂ ਵਿਦਿਆਰਥੀਆਂ ਨੂੰ ਦਾਖਲ ਕਰਨ ਦਾ ਟੀਚਾ ਰੱਖਿਆ ਹੈ। ਇਹ ਮੁਹਿੰਮ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਚੱਲੇਗੀ। 

ਇਹ ਵੀ ਪੜ੍ਹੋ: Chandigarh SSP: ਚੰਡੀਗੜ੍ਹ ਦੀ ਐਸਐਸਪੀ ਨੂੰ ਕਰਾਰਾ ਝਟਕਾ

Related Post