ਹੁਸ਼ਿਆਰਪੁਰ: ਡਿਸਪੈਂਸਰੀ ’ਚ ਇੱਕਠੇ ਹੋ ਕੇ ਲੋਕਾਂ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਨੰਗਲ ਸ਼ਹੀਦਾਂ ਵਿਖੇ ਪਿੰਡ ਵਾਸੀਆਂ ਵੱਲੋਂ ਡਿਸਪੈਂਸਰੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

By  Aarti January 29th 2023 04:39 PM

ਵਿੱਕੀ ਅਰੋੜਾ (ਹੁਸ਼ਿਆਰਪੁਰ, 29 ਜਨਵਰੀ): ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇ 26 ਜਨਵਰੀ ਨੂੰ ਪੰਜਾਬ ਵਿੱਚ 400 ਮੁਹੱਲਾ ਕਲੀਨਿਕ ਖੋਲ੍ਹੇ ਗਏ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਉਸ ਵਿੱਚ ਉਨ੍ਹਾਂ ਨੇ ਇੱਕ ਹੋਰ ਵਾਧਾ ਕੀਤਾ ਹੈ ਪਰ ਦੂਜੇ ਪਾਸੇ ਜੇਕਰ ਗੱਲ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਨੰਗਲ ਸ਼ਹੀਦਾਂ ਦੀ ਕਰੀਏ ਤਾਂ ਅੱਜ ਪਿੰਡ ਵਾਸੀਆਂ ਵੱਲੋਂ ਡਿਸਪੈਂਸਰੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਾਸੀ ਅਤੇ ਐਨਆਰਆਈਆਂ ਦੀ ਮਦਦ ਨਾਲ ਉਨ੍ਹਾਂ ਨੇ ਪਿੰਡ ਵਿਚ ਡਿਸਪੈਂਸਰੀ ਚੱਲ ਰਹੀ ਸੀ ਅਤੇ ਉਸ ਡਿਸਪੈਂਸਰੀ ਵਿੱਚ ਜੋ ਡਾਕਟਰ ਮਰੀਜ਼ਾਂ ਨੂੰ ਦੇਖ ਦਵਾਈ ਦਿੰਦਾ ਸੀ ਉਸ ਨੂੰ ਪੰਜਾਬ ਸਰਕਾਰ ਵੱਲੋਂ ਹਲਕਾ ਚੱਬੇਵਾਲ ਵਿਚ ਖੋਲ੍ਹੇ ਗਏ ਮੁਹੱਲਾ ਕਲੀਨਿਕ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਡਿਸਪੈਂਸਰੀ ਨਾਲ ਲਗਦੇ ਚਾਰ ਪਿੰਡਾਂ ਦੇ ਲੋਕ ਫਾਇਦਾ ਲੈ ਰਹੇ ਸੀ। ਪਰ ਪੰਜਾਬ ਸਰਕਾਰ ਨੇ ਬਦਲਾਅ ਦੇ ਨਾਂ ’ਤੇ ਉਨ੍ਹਾਂ ਦੇ ਪਿੰਡ ਨਾਲ ਧੋਖਾ ਕੀਤਾ ਹੈ। 

ਪਿੰਡ ਦੇ ਪੰਚਾਇਤ ਮੈਂਬਰ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਸਿਆਣੇ ਲੋਕ ਪਿੰਡ ਦੀ ਡਿਸਪੈਂਸਰੀ ਵਿੱਚੋ ਦਵਾਈ ਲੈ ਕੇ ਠੀਕ ਹੋ ਰਹੇ ਸੀ ਪਰ ਹੁਣ ਡਾਕਟਰ ਨਾ ਹੋਣ ਕਾਰਨ ਉਨ੍ਹਾਂ ਨੂੰ ਦੂਰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਵਾਈ ਲੈਣ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ। ਨਾਲ ਹੀ ਪਿੰਡ ਦੇ ਸਰਪੰਚ ਵੱਲੋਂ ਸਰਕਾਰ ਅੱਗੇ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਦੀ ਡਿਸਪੈਂਸਰੀ ਦੇ ਲਈ ਕੋਈ ਵੀ ਡਾਕਟਰ ਜਲਦ ਤੋਂ ਜਲਦ ਉਪਲਬਧ ਕਰਵਾਇਆ ਜਾਵੇ ਤਾਂ ਜੋ ਪਿੰਡ ਦੇ ਲੋਕ ਪਿੰਡ ਦੀ ਡਿਸਪੈਂਸਰੀ ਵਿੱਚ ਹੀ ਦਵਾਈ ਲੈ ਸਕਣ।

Related Post