ਗਰੀਬ ਪਰਿਵਾਰਾਂ ਨੇ ਸਰਪੰਚ ਤੇ ਉਸਦੇ ਪਤੀ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ, ਇਹ ਹੈ ਪੂਰਾ ਮਾਮਲਾ

ਗੜ੍ਹਸ਼ੰਕਰ ਦੇ ਪਿੰਡ ਨੰਗਲਾਂ ਦੇ ਵਿੱਚ ਤਕਰੀਬਨ 30 ਗਰੀਬ ਪਰਿਵਾਰਾਂ ਨੇ ਪਿੰਡ ਦੇ ਸਰਪੰਚ ਅਤੇ ਉਸਦੇ ਪਤੀ ’ਤੇ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੋਹਣ ਸਿੰਘ ਥਿਆੜਾ ਨੇ ਖੁਦ ’ਤੇ ਲੱਗੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ।

By  Aarti January 10th 2023 04:19 PM

ਵਿੱਕੀ ਅਰੋੜਾ ( ਗੜ੍ਹਸ਼ੰਕਰ,10 ਜਨਵਰੀ): ਜ਼ਿਲ੍ਹੇ ਦੇ ਪਿੰਡ ਨੰਗਲਾਂ ਦੇ ਵਿੱਚ ਤਕਰੀਬਨ 30 ਗਰੀਬ ਪਰਿਵਾਰਾਂ ਨੇ ਪਿੰਡ ਦੇ ਸਰਪੰਚ ਅਤੇ ਉਸਦੇ ਪਤੀ ’ਤੇ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਪਿੰਡ ਵਾਸੀਆਂ ਨੇ ਇਸ ਸਬੰਧੀ ਸ਼ਿਕਾਇਤ ਐਸਸੀ ਕਮਿਸ਼ਨ ਦਿੱਲੀ ਨੂੰ ਕਰ ਇਨਸਾਫ ਦੀ ਗੁਹਾਰ ਲਗਾਈ ਹੈ। 

ਜਾਣਕਾਰੀ ਦਿੰਦੇ ਹੋਏ ਪਿੰਡ ਨੰਗਲਾਂ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ 1971 ਦੇ ਵਿੱਚ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਪਿੰਡ ਦੇ 30 ਗਰੀਬ ਪਰਿਵਾਰਾਂ ਨੂੰ ਪਲਾਟ ਅਲਾਟ ਕੀਤੇ ਗਏ ਸੀ ਅਤੇ 1972 ਦੇ ਵਿੱਚ ਉਨ੍ਹਾਂ ਨੂੰ ਮਾਲਕਾਨਾ ਹੱਕ ਦੇ ਦਿੱਤਾ ਗਿਆ ਸੀ। ਉਸ ਸਮੇਂ ਤਾਂ ਉਹ ਜਗ੍ਹਾ ਦੀ ਉਸਾਰੀ ਕਰਨ ਵਿੱਚ ਅਸਮਰੱਥ ਸੀ ਪਰ ਹੁਣ ਜਦੋਂ ਉਹ ਆਪਣੇ ਪਲਾਟ ਦੀ ਉਸਾਰੀ ਕਰਦੇ ਹਨ ਤਾਂ ਪਿੰਡ ਦੀ ਸਰਪੰਚ ਰਾਜਵੰਤ ਕੌਰ ਅਤੇ ਉਸਦਾ ਪਤੀ ਮੋਹਣ ਸਿੰਘ ਥਿਆੜਾ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਲੋਕਾਂ ਨਾਲ ਧੱਕੇਸ਼ਾਹੀ ਦੇ ਨਾਲ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਅਤੇ ਜਾਤਿਸੁਚਕ ਸ਼ਬਦਾਂ ਦੀ ਵਰਤੋਂ ਕਰਦਾ ਹੈ। 

ਪਿੰਡ ਵਾਸੀਆਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਇਸਦੀ ਸ਼ਿਕਾਇਤ ਐਸਸੀ ਕਮਿਸ਼ਨ ਦਿੱਲੀ ਨੂੰ ਕੀਤੀ ਸੀ ਅਤੇ ਵਿਭਾਗ ਵਲੋਂ ਇਸਦੀ ਰਿਪੋਰਟ ਬੀਡੀਪੀਓ ਗੜ੍ਹਸ਼ੰਕਰ ਤੋਂ ਮੰਗਵਾਈ ਹੈ। ਫਿਲਹਾਲ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। 

ਉੱਧਰ ਇਸ ਸਬੰਧ ਦੇ ਵਿੱਚ ਮੋਹਣ ਸਿੰਘ ਥਿਆੜਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਆਪਣੇ ’ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਇਹ ਪਲਾਟ ਲੱਗਭਗ 50 ਸਾਲ ਪਹਿਲਾਂ ਦਿੱਤੇ ਸਨ ਅਤੇ ਜਿਨ੍ਹਾਂ ਲੋਕਾਂ ਦੇ ਨਾਂ ’ਤੇ ਇਹ ਪਲਾਟ ਸਨ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਿੰਡ ਦੇ ਵਿੱਚ ਕੁੱਝ ਲੋਕਾਂ ਵਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਮਨਜਿੰਦਰ ਕੌਰ ਬੀਡੀਪੀਓ ਗੜ੍ਹਸ਼ੰਕਰ ਨੇ ਕਿਹਾ ਕਿ ਐਸਸੀ ਕਮਿਸ਼ਨ ਵਲੋਂ ਇਸਦੀ ਜਾਂਚ ਉਨ੍ਹਾਂ ਨੂੰ ਭੇਜੀ ਗਈ ਹੈ ਜਿਸਦੀ ਉਹ ਪੜਤਾਲ ਕਰ ਰਹੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਡੀਸਿਲਟਿੰਗ ਤੇ ਮਾਈਨਿੰਗ ਦੇ ਨਾਂਅ 'ਤੇ ਭੰਬਲਭੂਸੇ 'ਚ ਫਸੀ ਪੰਜਾਬ ਸਰਕਾਰ ਨੂੰ ਕੋਰਟ ਵੱਲੋਂ ਰਾਹਤ

Related Post