ਸਰਪੰਚ ਕਤਲ ਮਾਮਲਾ: ਦੂਸਰੀ ਧਿਰ ਦੇ ਜ਼ਖਮੀ ਨੌਜਵਾਨ ਕਬੱਡੀ ਖਿਡਾਰੀ ਦੀ ਇਲਾਜ ਦੌਰਾਨ ਵੀ ਹੋਈ ਮੌਤ

ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਘੋਮਾਨ ਦੇ ਪਿੰਡ ਦਹੀਆ ਵਿੱਚ ਬੀਤੇ ਦਿਨੀ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗ ਦੇ ਮਾਮਲੇ 'ਚ ਸਾਬਕਾ ਸਰਪੰਚ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਉਦੋਂ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਤਿੰਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ।

By  Jasmeet Singh February 7th 2023 08:59 PM

ਗੁਰਦਾਸਪੁਰ, 7 ਫਰਵਰੀ (ਰਵੀਬਖਸ਼ ਸਿੰਘ ਅਰਸ਼ੀ): ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਘੋਮਾਨ ਦੇ ਪਿੰਡ ਦਹੀਆ ਵਿੱਚ ਬੀਤੇ ਦਿਨੀ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗ ਦੇ ਮਾਮਲੇ 'ਚ ਸਾਬਕਾ ਸਰਪੰਚ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਉਦੋਂ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਤਿੰਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਇਸ ਖੂਨੀ ਤਕਰਾਰ 'ਚ ਦੂਸਰੀ ਧਿਰ ਦੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਜਿਹਨਾਂ ਚੋਂ ਇਕ 26 ਸਾਲਾ ਕਬੱਡੀ ਖਿਡਾਰੀ ਹਰਪਿੰਦਰ ਸਿੰਘ ਦੀ ਵੀ ਅੱਜ ਅੰਮ੍ਰਿਤਸਰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਥੇ ਹੀ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ 'ਚ ਹੋਇਆ, ਜਿਥੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ 'ਤੇ ਇਕ ਤਰਫ਼ਾ ਕਾਰਵਾਈ ਕਰਨ ਦੇ ਆਰੋਪ ਲਾਉਂਦੇ ਇਨਸਾਫ ਦੀ ਮੰਗ ਕੀਤੀ ਹੈ। 

ਸਿਵਲ ਹਸਪਤਾਲ ਬਟਾਲਾ 'ਚ ਅੱਜ ਮ੍ਰਿਤਕ ਹਰਪਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਬਟਾਲਾ ਪਹੁੰਚੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਹਰਪਿੰਦਰ ਸਿੰਘ ਕਬੱਡੀ ਦਾ ਸ਼ੌਕੀਨ ਸੀ ਅਤੇ ਉਕਤ ਦਿਨ ਦੇਰ ਸ਼ਾਮ ਨੂੰ ਕਬੱਡੀ ਦਾ ਮੈਚ ਖੇਡ ਕੇ ਵਾਪਸ ਪਿੰਡ ਆ ਰਿਹਾ ਸੀ ਤਾਂ ਮ੍ਰਿਤਕ ਸਰਵਣ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਪਹਿਲਾ ਤੋਂ ਹੀ ਤਿਆਰੀ ਅਨੁਸਾਰ ਹਰਪਿੰਦਰ ਸਿੰਘ ਨੂੰ ਰਸਤੇ ਵਿੱਚ ਹੀ ਘੇਰ ਲਿਆ। ਆਪਣੇ ਅਸਲੇ ਨਾਲ ਗੋਲੀਆਂ ਚਲਾ ਕੇ ਹਰਪਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਜੋ ਆਰੋਪ ਉਹਨਾਂ 'ਤੇ ਲਗਾਏ ਗਏ ਹਨ, ਕਿ ਉਹਨਾਂ ਵਲੋਂ ਘਰ 'ਚ ਵੜ ਹਮਲਾ ਕੀਤਾ ਗਿਆ, ਉਹ ਵੀ ਝੂਠੇ ਆਰੋਪ ਹਨ। 

ਉਥੇ ਹੀ ਮ੍ਰਿਤਕ ਨੌਜਵਾਨ ਹਰਪਿੰਦਰ ਸਿੰਘ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਈ। ਉਹਨਾਂ ਦਾ ਕਹਿਣਾ ਸੀ ਕਿ ਮ੍ਰਿਤਕ ਹਰਪਿੰਦਰ ਸਿੰਘ ਦੇ ਭਰਾ ਜਤਿੰਦਰ ਸਿੰਘ ਅਤੇ ਉਸਦੇ 21 ਸਾਲਾ ਬੇਟੇ ਨੂੰ ਵੀ ਪੁਲਿਸ ਨੇ ਘਰੋਂ ਗ੍ਰਿਫਤਾਰ ਕਰਦੇ ਹੋਏ ਕੇਸ ਵਿਚ ਨਾਮਜ਼ਦ ਕਰ ਦਿੱਤਾ ਹੈ। ਜਦਕਿ ਜਤਿੰਦਰ ਸਿੰਘ ਅਤੇ ਉਸਦੇ ਬੇਟੇ ਦਾ ਕੋਈ ਕਸੂਰ ਨਹੀਂ ਹੈ। ਹਮਲੇ ਦੌਰਾਨ ਜਤਿੰਦਰ ਅਤੇ ਉਸਦਾ ਬੇਟਾ ਮੌਕੇ 'ਤੇ ਮਜ਼ੂਦ ਹੀ ਨਹੀਂ ਸਨ।


ਉਥੇ ਹੀ ਇਸ ਮਾਮਲੇ ਨੂੰ ਲੈਕੇ ਸਿਵਿਲ ਹਸਪਤਾਲ ਬਟਾਲਾ ਪਹੁੰਚੇ ਡੀ.ਐਸ.ਪੀ ਗੁਰਬਿੰਦਰ ਸਿੰਘ ਨੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਹਰਪਿੰਦਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਬਾਕੀ ਇਸ ਕੇਸ ਵਿੱਚ ਪਹਿਲਾਂ ਹੀ ਐਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ। ਹੁਣ ਹਰਪਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰ ਇਸ ਧਿਰ ਦੇ ਹੱਕ ਵਿੱਚ ਵੀ ਮਾਮਲਾ ਦਰਜ ਕੀਤਾ ਜਾਵੇਗਾ।

Related Post