SAD ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ: ‘ਆਪ’ ਸਰਕਾਰ ’ਤੇ ਪੰਚਾਇਤੀ ਰਾਜ ਅਧਿਕਾਰੀਆਂ ਤੇ ਸਰਪੰਚਾਂ ਨੂੰ ਧਮਕਾਉਣ ਦਾ ਦੋਸ਼

ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਆਦਮਪੁਰ ਬਲਾਕ ਦੇ ਸਰਪੰਚਾਂ ਨੂੰ ਬਲਾਕ ਪੇਂਡੂ ਵਿਕਾਸ ਅਫਸਰ ਦੇ ਦਫਤਰ ਵਿਚ ਤਲਬ ਕਰ ਕੇ ਇਹ ਧਮਕੀ ਦਿੱਤੀ ਗਈ ਹੈ

By  Amritpal Singh April 23rd 2023 07:28 PM

Punjab News: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਕੋਲ ਸ਼ਿਕਾਇਤ ਦਾਇਰ ਕੀਤੀ ਤੇ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਪੰਚਾਇਤੀ ਰਾਜ ਅਧਿਕਾਰੀਆਂ ਦੇ ਨਾਲ ਨਾਲ ਸਰਪੰਚਾਂ ਨੂੰ ਵੀ ਇਹ ਧਮਕੀਆਂ ਦੇ ਰਹੀ ਹੈ ਕਿ ਜੇਕਰ ਉਹਨਾਂ ਦੇ ਇਲਾਕਿਆਂ ਵਿਚੋਂ ਆਪ ਦੇ ਉਮੀਦਵਾਰ ਦੀ ਲੀਡ ਨਾਲ ਨਿਕਲੀ ਤਾਂ ਫਿਰ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ।

ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਆਦਮਪੁਰ ਬਲਾਕ ਦੇ ਸਰਪੰਚਾਂ ਨੂੰ ਬਲਾਕ ਪੇਂਡੂ ਵਿਕਾਸ ਅਫਸਰ ਦੇ ਦਫਤਰ ਵਿਚ ਤਲਬ ਕਰ ਕੇ ਇਹ ਧਮਕੀ ਦਿੱਤੀ ਗਈ ਹੈ ਕਿ ਜੇਕਰ ਆਪ ਉਮੀਦਵਾਰ ਦੀ ਉਹਨਾਂ ਦੇ ਪਿੰਡਾਂ ਵਿਚੋਂ ਲੀਡ ਨਾ ਨਿਕਲੀ ਤਾਂ ਉਹਨਾਂ ਖਿਲਾਫ ਕੇਸ ਖੋਲ੍ਹ ਦਿੱਤੇ ਜਾਣਗੇ ਤੇ ਉਹਨਾਂ ਨੂੰ ਫੌਜਦਾਰੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਇਹਨਾਂ ਆਗੂਆਂ ਨੇ ਕਿਹਾ ਕਿ ਪੰਚਾਇਤੀ ਰਾਜ ਸਬ ਡਵੀਜ਼ਨ ਅਫਸਰ (ਐਸ ਡੀਓ) ਜੀ ਐਸ ਰੰਧਾਵਾ ਨੇ ਸਰਪੰਚਾਂ ਤੋਂ ਉਹਨਾਂ ਦੇ ਮੋਬਾਈਲ ਖੋਹਣ ਮਗਰੋਂ ਇਹ ਧਮਕੀਆਂ ਦਿੱਤੀਆਂ ਹਨ।

ਸੀਨੀਅਰ ਆਗੂਆਂ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਉਹਨਾਂ ਸਰਪੰਚਾਂ ਨੂੰ ਪੇਸ਼ ਕਰਨ ਵਾਸਤੇ ਤਿਆਰ ਹਨ ਜੋ ਮੀਟਿੰਗ ਵਿਚ ਹਾਜ਼ਰ ਸਨ ਜਦੋਂ ਪੰਚਾਇਤੀ ਰਾਜ ਅਫਸਰ ਨੇ ਧਮਕੀਆਂ ਦਿੱਤੀਆਂ।

ਉਹਨਾਂ ਦੱਸਿਆ ਕਿ ਅਫਸਰ ਨੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਅਫਸਰਾਂ ਨੂੰ ਵੀ ਇਹ ਧਮਕੀ ਦਿੱਤੀ ਗਈ ਹੈ ਕਿ ਜੇਕਰ ਆਪ ਉਮੀਦਵਾਰ ਦੀ ਉਹਨਾਂ ਦੇ ਇਲਾਕਿਆਂ ਵਿਚੋਂ ਲੀਡ ਨਾ ਨਿਕਲੀ ਤਾਂ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਮੁਅੱਤਲ ਵੀ ਕੀਤਾ ਜਾਵੇਗਾ ਤੇ ਸਰਹੱਦੀ ਇਲਾਕਿਆਂ ਵਿਚ ਉਹਨਾਂ ਦਾ ਤਬਾਦਲਾ ਵੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਚਾਇਤੀ ਰਾਜ ਅਫਸਰ ਰੰਧਾਵਾ ਆਦਮਪੁਰ, ਕਰਤਾਪੁਰ ਤੇ ਜਲੰਧਰ ਛਾਉਣੀ ਹਲਕਿਆਂ ਦੇ ਦਫਤਰਾਂ ਦੇ ਇੰਚਾਰਜ ਹਨ।

ਇਸ ਦੌਰਾਨ ਪਵਨ ਟੀਨੂੰ ਨੇ ਦੱਸਿਆ ਕਿ ਮੈਡੀਕਲ ਸਟੋਰਾਂ ਅਤੇ ਮਠਿਆਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਦੁਕਾਨਾਂ ਦੇ ਮਾਲਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜਾਂ ਤਾਂ ਇਹ ਆਪ ਉਮੀਦਵਾਰ ਦੀ ਸਫਲਤਾ ਵਾਸਤੇ ਕੰਮ ਕਰਨ ਜਾਂ ਫਿਰ ਇਹਨਾਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਜਾਵੇਗੀ।  ਟੀਨੂੰ ਨੇ ਅਫਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਕਾਨੂੰਨ ਮੁਤਾਬਕ ਕੰਮ ਕਰਨ। ਉਹਨਾਂ ਕਿਹਾ ਕਿ ਇਹ ਅਫਸਰ ਦੇਸ਼ ਦੇ ਲੋਕਤੰਤਰੀ ਕੰਮਕਾਜ ਵਿਚ ਦਖਲ ਵਾਸਤੇ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਨਾ ਕਰਨ।

ਉਹਨਾਂ ਨੇ ਹਲਕੇ ਵਿਚ ਵੱਡੀ ਗਿਣਤੀ ਵਿਚ ਹੋਰਡਿੰਗ ਲਗਾਉਣ ਸਮੇਤ ਚੋਣ ਜ਼ਾਬਤੇ ਦੀ ਉਲੰਘਣਾ ਦੇ ਹੋਰ ਮਾਮਲੇ ਵੀ ਉਜਾਗਰ ਕੀਤੇ।

Related Post