ਟਿਕਟ ਚੈਕਿੰਗ ਸਟਾਫ਼ ਨੇ ਇੱਕ ਬੱਚੇ ਨੂੰ ਅਗਵਾ ਹੋਣ ਤੋਂ ਬਚਾ ਨਿਭਾਇਆ ਸਮਾਜਿਕ ਫਰਜ਼

By  Jasmeet Singh December 17th 2022 05:04 PM

ਫਿਲੌਰ, 17 ਦਸੰਬਰ: ਅੱਜ ਸਵੇਰੇ ਜਦੋਂ ਸੀਨੀਅਰ ਟਿਕਟ ਐਗਜ਼ਾਮੀਨਰ ਫਿਲੌਰ ਰੇਲਵੇ ਸਟੇਸ਼ਨ 'ਤੇ ਟਿਕਟਾਂ ਦੀ ਜਾਂਚ ਕਰ ਰਹੇ ਸਨ, ਟਿਕਟਾਂ ਦੀ ਚੈਕਿੰਗ ਕਰਦੇ ਸਮੇਂ ਉਨ੍ਹਾਂ ਨੇ ਸਟੇਸ਼ਨ 'ਤੇ ਤਿੰਨ ਤੋਂ ਚਾਰ ਵਿਅਕਤੀ ਖੜ੍ਹੇ ਦੇਖੇ ਅਤੇ ਉਨ੍ਹਾਂ ਦੇ ਨਾਲ ਕਰੀਬ 8-9 ਸਾਲ ਦਾ ਬੱਚਾ ਵੀ ਸੀ, ਜਿਸ ਨੂੰ ਹੋਸ਼ ਨਹੀਂ ਸੀ।

ਟਿਕਟ ਐਗਜ਼ਾਮੀਨਰ ਧਰਮਰਾਜ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ, ਲੋਕਾਂ ਨੂੰ ਟਿਕਟ ਦਿਖਾਉਣ ਲਈ ਕਿਹਾ, ਜਿਸ ਦੌਰਾਨ ਉਹ ਬੱਚੇ ਨੂੰ ਛੱਡ ਕੇ ਭੱਜ ਗਏ ਤਾਂ ਧਰਮਰਾਜ ਨੇ ਜੀਆਰਪੀ ਨੂੰ ਬੁਲਾ ਕੇ ਬੱਚੇ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ।

ਜਦੋਂ ਬੱਚੇ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਮਾਤਾ-ਪਿਤਾ ਦਾ ਪਤਾ ਅਤੇ ਫੋਨ ਨੰਬਰ ਦੱਸਿਆ ਤਾਂ ਉਸ ਦੇ ਮਾਤਾ-ਪਿਤਾ ਨੂੰ ਸੂਚਿਤ ਕਰ ਦਿੱਤਾ ਗਿਆ। ਬੱਚੇ ਨੇ ਦੱਸਿਆ ਕਿ ਅਗਵਾਕਾਰ ਨੇ ਉਸ ਨੂੰ ਕੁਝ ਖੁਆਇਆ ਤੇ ਬੋਰੀ 'ਚ ਪਾ ਕੇ ਲੁਧਿਆਣਾ ਤੋਂ ਫਿਲੌਰ ਰੇਲਵੇ ਸਟੇਸ਼ਨ ਤੱਕ ਸੜਕ ਰਾਹੀਂ ਲੈ ਕੇ ਆਇਆ। 

ਬੱਚੇ ਦੀ ਮਾਂ ਦੇ ਆਉਣ ਤੋਂ ਬਾਅਦ ਲੋੜੀਂਦੀ ਕਾਰਵਾਈ ਕਰਕੇ ਬੱਚੇ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਬੱਚੇ ਨੂੰ ਬਚਾਉਣ ਲਈ ਸੀਨੀਅਰ ਟਿਕਟ ਐਗਜ਼ਾਮੀਨਰ ਧਰਮਰਾਜ ਨੇ ਕਮਾਲ ਦਾ ਕੰਮ ਕੀਤਾ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸੁਦੀਪ ਸਿੰਘ ਨੇ ਇਸ ਸ਼ਲਾਘਾਯੋਗ ਕੰਮ ਲਈ ਧਰਮਰਾਜ ਦੀ ਸ਼ਲਾਘਾ ਵੀ ਕੀਤੀ।

- ਰਿਪੋਰਟਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ 

Related Post