ਸਥਾਨਕ ਕਲਾ ਤੇ ਸੱਭਿਆਚਾਰ ਨੂੰ ਉਜਾਗਰ ਕਰੇਗਾ ‘ਵਿਰਸਾ ਹੁਸ਼ਿਆਰਪੁਰ ਦਾ’ ਮੇਲਾ: ਕੋਮਲ ਮਿੱਤਲ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ ਸਪਾਟਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ 3 ਤੋਂ 7 ਮਾਰਚ ਤੱਕ ‘ਵਿਰਸਾ ਹੁਸ਼ਿਆਰਪੁਰ ਦਾ’ ਮੇਲੇ ਦਾ ਆਯੋਜਨ ਲਾਜਵੰਤੀ ਮਰਟੀਪਰਪਜ਼ ਆਊਟਡੋਰ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਹੁਸ਼ਿਆਰਪੁਰ ਦੇ ਸੱਭਿਆਚਾਰ ਅਤੇ ਕਲਾ ਨੂੰ ਉਜਾਗਰ ਕੀਤਾ ਜਾਵੇਗਾ।

By  Jasmeet Singh March 1st 2023 05:48 PM

ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ ਸਪਾਟਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ 3 ਤੋਂ 7 ਮਾਰਚ ਤੱਕ ‘ਵਿਰਸਾ ਹੁਸ਼ਿਆਰਪੁਰ ਦਾ’ ਮੇਲੇ ਦਾ ਆਯੋਜਨ ਲਾਜਵੰਤੀ ਮਰਟੀਪਰਪਜ਼ ਆਊਟਡੋਰ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਹੁਸ਼ਿਆਰਪੁਰ ਦੇ ਸੱਭਿਆਚਾਰ ਅਤੇ ਕਲਾ ਨੂੰ ਉਜਾਗਰ ਕੀਤਾ ਜਾਵੇਗਾ। 

ਉਹ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ ਕੌਰ ਅਤੇ ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿਚ ਹੁਸ਼ਿਆਰਪੁਰ ਦੀ ਵਿਰਾਸਤ ਦੀ ਝਲਕ ਪੇਸ਼ ਕੀਤੀ ਜਾਵੇਗੀ, ਜਿਸ ਵਿਚ ਜ਼ਿਲ੍ਹੇ ਨਾਲ ਸਬੰਧਤ ਦਸਤਕਾਰੀ ਤੇ ਸ਼ਿਲਪ ਕਲਾ ਨੂੰ ਉਤਸ਼ਾਹਿਤ ਕਰਨ ਲਈ ਕਾਰੀਗਰਾਂ ਵੱਲੋਂ ਤਿਆਰ ਵੱਖ-ਵੱਖ ਵਸਤਾਂ ਦੇੋ ਸਟਾਲ ਲਗਾਏ ਜਾਣਗੇ। ਇਸ ਦੇ ਨਾਲ ਹੀ ਸਵੈ-ਸਹਾਈ ਗਰੁੱਪਾਂ ਦੇ ਉਤਪਾਦਾਂ ਨੂੰ ਵੀ ਮੇਲੇ ਵਿਚ ਥਾਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 3 ਤੋਂ 7 ਮਾਰਚ ਤੱਕ ਮੇਲਾ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 10 ਵਜੇ ਤੱਕ ਲੱਗੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੌਰਾਨ 5 ਮਾਰਚ ਨੂੰ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਨੂੰ ਮੰਤਰ ਮੁਗਧ ਕਰਨਗੇ। ਇਸ ਤੋਂ ਇਲਾਵਾ ਮੇਲੇ ਵਿਚ ਰੋਜ਼ਾਨਾ ਨਾਰਥ ਜ਼ੋਨ ਕਲਚਰਲ ਸੈਂਟਰ ਅਤੇ ਹੁਸ਼ਿਆਰਪੁਰ ਨਾਲ ਜੁੜੇ ਹੋਰ ਕਲਾਕਾਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕਰਨਗੇ। 

ਉਨ੍ਹਾਂ ਕਿਹਾ ਕਿ ਮੇਲੇ ਦਾ ਮੁੱਖ ਥੀਮ ਇਥੋਂ ਦੇ ਪਲਾਸਟਿਕ ਇਨਲੇ ਵਰਕ, ਰਵਾਇਤੀ ਨਾਚ ਅਤੇ ਕੁਦਰਤੀ ਉਤਪਾਦ ਹੋਣਗੇ, ਜਿਸ ਵਿਚ ਵੱਖ-ਵੱਖ ਕਾਰਗੀਰਾਂ, ਗਰੁੱਪਾਂ ਅਤੇ ਸੰਸਥਾਵਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਫੂਡ ਸਟਾਲਾਂ ਦਾ ਵੀ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਹੁਸ਼ਿਆਰਪੁਰ ਦੇ ਮਸ਼ਹੂਰ ਸਵਾਦੀ ਪਕਵਾਨਾਂ ਤੋਂ ਇਲਾਵਾ ਹੋਰ ਫੂਡ ਸਟਾਲ ਵੀ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 5 ਮਾਰਚ ਨੂੰ ਸ਼ਾਮ 7 ਵਜੇ ਹੋਣ ਵਾਲੀ ਸਤਿੰਦਰ ਸਰਤਾਜ ਨਾਈਟ ਲਈ ਪੰਜ ਥਾਵਾਂ ’ਤੇ ਟਿਕਟਾਂ ਉਪਲਬੱਧ ਹਨ।  ਉਨ੍ਰਾਂ ਦੱਸਿਆ ਕਿ 2500 ਰੁਪਏ, 1000 ਰੁਪਏ ਅਤੇ 500 ਰੁਪਏ ਵਾਲੀਆਂ ਟਿਕਟਾਂ ਮਿੰਨੀ ਸਕੱਤਰੇਤ, ਹੁਸ਼ਿਆਰਪੁਰ ਵਿਖੇ ਸਥਿਤ ਸੇਵਾ ਕੇਂਦਰ ਦੇ ਕਾਊਂਟਰ ਨੰਬਰ-1 ਤੋਂ ਖ਼ਰੀਦੀਆਂ ਜਾ ਸਕਦੀਆਂ ਹਨ। 

ਇਸ ਤੋਂ ਇਲਾਵਾ 500 ਰੁਪਏ ਵਾਲੀਆਂ ਟਿਕਟਾਂ ਲਾਜਵੰਤੀ ਸਟੇਡੀਅਮ ਸਥਿਤ ਜ਼ਿਲ੍ਹਾ ਖੇਡ ਅਫ਼ਸਰ ਹੁਸਿੋਆਰਪੁਰ ਦੇ ਦਫ਼ਤਰ, ਐਸ. ਡੀ. ਐਮ ਦਫ਼ਤਰ ਹੁਸ਼ਿਆਰਪੁਰ, ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਅਤੇ ਆਈ. ਟੀ. ਆਈ ਹੁਸ਼ਿਆਰਪੁਰ (ਜਲੰਧਰ ਰੋਡ) ਸਥਿਤ ਸੇਵਾ ਕੇਂਦਰ ਤੋਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸਤਿੰਦਰ ਸਰਤਾਜ ਨਾਈਟ ਦੀਆਂ ਟਿਕਟਾਂ ਉਪਰੋਕਤ ਥਾਵਾਂ ’ਤੇ 4 ਮਾਰਚ ਤੱਕ ਉਪਲਬੱਧ ਹੋਣਗੀਆਂ। ਉਨ੍ਹਾਂ ਕਿਹਾ ਕਿ ਟਿਕਟਾਂ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 98217-13735 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

Related Post