ਰੇਵਾੜੀ ਗੈਂਗਰੇਪ ਮਾਮਲਾ:ਮੁੱਖ ਮੰਤਰੀ ਨੇ ਡੀਜੀਪੀ ਨੂੰ ਕੀਤਾ ਤਲਬ ,ਐਸ.ਪੀ ਦਾ ਤਬਾਦਲਾ

By  Shanker Badra September 16th 2018 05:20 PM

ਰੇਵਾੜੀ ਗੈਂਗਰੇਪ ਮਾਮਲਾ:ਮੁੱਖ ਮੰਤਰੀ ਨੇ ਡੀਜੀਪੀ ਨੂੰ ਕੀਤਾ ਤਲਬ ,ਐਸ.ਪੀ ਦਾ ਤਬਾਦਲਾ:ਹਰਿਆਣਾ ਦੇ ਰੇਵਾੜੀ 'ਚ ਬੀਤੇ ਦਿਨੀਂ ਸੀਬੀਐਸਈ ਟਾਪਰ ਰਹੀ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ।ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਡੀਜੀਪੀ ਬੀ.ਐਸ ਸੰਧੂ ਨੂੰ ਗੈਂਗਰੇਪ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਕਰਨ ਦੇ ਹੁਕਮ ਦਿੱਤੇ ਹਨ।ਇਸ ਮਾਮਲੇ ਵਿੱਚ ਹਰਿਆਣਾ ਸਰਕਾਰ ਨੇ ਰੇਵਾੜੀ ਦੇ ਐਸ.ਪੀ ਰਾਜੇਸ਼ ਦੁੱਗਲ ਦਾ ਤਬਾਦਲਾ ਕਰ ਦਿੱਤਾ ਹੈ।ਉਨ੍ਹਾਂ ਦੀ ਥਾਂ ਹੁਣ ਰਾਹੁਲ ਸ਼ਰਮਾ ਰੇਵਾੜੀ ਦੇ ਨਵੇਂ ਐਸ.ਪੀ ਹੋਣਗੇ।ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਨੇ ਇਸ ਮਾਮਲੇ 'ਚ ਡੀਜੀਪੀ ਬੀਐਸ ਸੰਧੂ ਨੂੰ ਤਲਬ ਕੀਤਾ ਹੈ।

ਜਾਣਕਾਰੀ ਅਨੁਸਾਰ ਲੜਕੀ ਨਾਲ ਕਥਿਤ ਤੌਰ ਤੇ ਬਲਾਤਕਾਰ ਦੇ ਤਿੰਨ ਦੋਸ਼ੀਆਂ ਚੋਂ ਰਾਜਸਥਾਨ ਦਾ ਇੱਕ ਫ਼ੌਜੀ ਵੀ ਸ਼ਾਮਲ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀ ਟੀਮ ਰਾਜਸਥਾਨ ਰਵਾਨਾ ਹੋ ਗਈ ਹੈ।ਇਨ੍ਹਾਂ ਤਿੰਨਾਂ ਦੋਸ਼ੀਆਂ ਨੇ ਰੇਵਾੜੀ ਜ਼ਿਲ੍ਹੇ ਦੇ ਕਨੀਨਾ ਬੱਸ ਅੱਡੇ ਤੋਂ ਕੋਚਿੰਗ ਸੈਂਟਰ ਜਾ ਰਹੀ 19 ਸਾਲਾ ਲੜਕੀ ਨੂੰ ਕਥਿਤ ਤੌਰ ਤੇ ਅਗਵਾ ਕਰ ਲਿਆ ਅਤੇ ਇਸ ਤੋਂ ਬਾਅਦ ਉਸ ਨੂੰ ਨਸ਼ੀਲਾ ਪਦਾਰਥ ਖਵਾ ਕੇ ਉਸ ਨਾਲ ਗੈਂਗਰੇਪ ਕੀਤਾ।

ਪੀੜਤਾ ਦੀ ਮਾਂ ਨੇ ਪੁਲਿਸ 'ਤੇ ਢਿੱਲੀ ਕਾਰਵਾਈ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਇਸ ਘਟਨਾ ਤੋਂ ਬਾਅਦ ਸਦਮੇ 'ਚ ਹੈ ਜਦਕਿ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ।ਪੀੜਤਾ ਦੀ ਮਾਂ ਨੇ ਕਿਹਾ ਕਿ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰਦੀ ਹੈ ਪਰ ਸਾਡੀਆਂ ਬੇਟੀਆਂ ਨੂੰ ਸਿੱਖਿਆ ਲੈਣ ਲਈ ਅਜਿਹੀ ਕੀਮਤ ਚੁਕਾਉਣੀ ਪਵੇਗੀ।

ਦੱਸ ਦੇਈਏ ਕਿ ਪੀੜਤ ਲੜਕੀ ਸੀਬੀਐਸੀ ਟੌਪਰ ਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਹੈ।

-PTCNews

Related Post