ਪ੍ਰਭਾਵਤ ਕਿਸਾਨ ਵੀ ਭਲਕੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਵਿਚ ਸ਼ਾਮਲ ਹੋਣ : ਸ਼੍ਰੋਮਣੀ ਅਕਾਲੀ ਦਲ

By  Shanker Badra September 28th 2021 06:22 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਜਿਹਨਾਂ ਦੀਆਂ ਜ਼ਮੀਨਾਂ ਕਾਂਗਰਸ ਸਰਕਾਰ ਵੱਲੋਂ ਕੌਡੀਆਂ ਦੇ ਭਾਅ ਐਕਵਾਇਰ ਕੀਤੀ ਜਾ ਰਹੀ ਹੈ, ਕਿ ਉਹ ਕੱਲ੍ਹ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਵਿਚ ਸ਼ਾਮਲ ਹੋਣ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਵਰਕਰ ਕੱਲ੍ਹ ਸਵੇਰੇ ਮੋਹਾਲੀ ਵਿਚ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਤਰ ਹੋਣਗੇ ਅਤੇ ਉਥੇ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣਗੇ।

ਉਹਨਾਂ ਕਿਹਾ ਕਿ ਇਸ ਮਾਰਚ ਦਾ ਮਕਸਦ ਸੂਬੇ ਦੇ 19 ਜ਼ਿਲ੍ਹਿਆਂ ਦੇ 2 ਲੱਖ ਕਿਸਾਨਾਂ ਨਾਲ ਹੋ ਰਹੇ ਅਨਿਆਂ ਨੂੰ ਉਜਾਗਰ ਕਰਨਾ ਹੈ, ਜਿਹਨਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ ਤੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਵੱਖ -ਵੱਖ ਪ੍ਰਾਜੈਕਟਾਂ ਲਈ ਉਹਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਐਕਵਾਇਰ ਕੀਤੀ ਜਾ ਰਹੀ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਪ੍ਰਦੇਸ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਹੈ ਜੋ ਪ੍ਰਭਾਵਤ ਕਿਸਾਨਾਂ ਲਈ ਨਿਆਂ ਹਾਸਲ ਕਰਨ ਵਾਸਤੇ ਲਹਿਰ ਦੀ ਅਗਵਾਈ ਕਰ ਰਹੀ ਹੈ।

ਉਹਨਾਂ ਕਿਹਾ ਕਿ ਪਾਰਟੀ ਨੇ ਉਹਨਾਂ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਜਿਹਨਾਂ ਦੀ ਜ਼ਮੀਨ ਬਹੁਤ ਹੀ ਘੱਟ ਕੀਮਤ ’ਤੇ ਐਕਵਾਇਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਡੀ ਇਹ ਪੱਕੀ ਰਾਇ ਹੈ ਕਿ ਇਸ ਮਾਮਲੇ ਵਾਸਤੇ ਕੋਈ ਹੱਦ ਨਹੀਂ ਹੈ ਤੇ ਪਾਰਟੀ ਕਿਸਾਨਾਂ ਲਈ ਉਹਨਾਂ ਦੀਆਂ ਜ਼ਮੀਨਾਂ ਵਾਸਤੇ ਢੁਕਵੀਂ ਕੀਮਤ ਲੈਣ ਵਾਸਤੇ ਸੂਬੇ ਵਿਚ ਸੰਘਰਸ਼ ਵਿੱਢੇਗੀ ਤੇ ਉਸੇ ਤਰੀਕੇ ਜ਼ਮੀਨਾਂ ਦਾ ਭਾਅ ਲੈ ਕੇ ਦੇਵੇਗੀ ,ਜਿਸ ਤਰੀਕੇ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਸਮੇਂ ਦਿੱਤਾ ਗਿਆ ਸੀ।

ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਭਾਵੇਂ ਸੰਘਰਸ਼ ਕਮੇਟੀ ਪਿਛਲੇ ਇਕ ਸਾਲ ਤੋਂ ਸਹੀ ਕੀਮਤ ਹਾਸਲ ਕਰਨ ਵਾਸਤੇ ਸੰਘਰਸ਼ ਕਰ ਰਹੀ ਹੈ ਪਰ ਕਾਂਗਰਸ ਸਰਕਾਰ ਨੇ ਜ਼ਮੀਨ ਦੀ ਕੀਮਤ ਦੀ ਸਮੀਖਿਆ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਿਸਾਨ ਮਲਟੀਪਲਾਇਰ ਫੈਕਟਰ, 100 ਫੀਸਦੀ ਸੋਲੇਸ਼ੀਅਮ ਤੇ ਵਾਧੂ ਮੁਆਵਜ਼ੇ ਦੇ ਬਾਵਜੂਦ ਆਪਣੀਆਂ ਜ਼ਮੀਨਾਂ ਦੀ ਵਾਜਬ ਕੀਮਤ ਹਾਸਲ ਕਰਨ ਵਿਚ ਨਾਕਾਮ ਹਨ।

-PTCNews

Related Post