ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਵੱਲੋਂ ਅਕਾਲੀ ਦਲ ਬਾਰੇ ਸੀਬੀਆਈ 'ਤੇ ਪ੍ਰਭਾਵ ਪਾਉਣ ਸੰਬੰਧੀ ਦਿੱਤਾ ਬਿਆਨ ਕੋਰਾ ਝੂਠ ਕਰਾਰ

By  PTC NEWS March 6th 2020 08:40 PM

ਕਿਹਾ ਕਿ ਮੁੱਖ ਮੰਤਰੀ ਆਪਣੇ ਮੰਤਰੀਆਂ ਦੇ ਗੁਨਾਹਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ

ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਬਰਗਾੜੀ ਬੇਅਦਬੀ ਕੇਸ ਵਿਚ ਇਨਸਾਫ ਲਈ ਸੰਜੀਦਾ ਹੈ ਤਾਂ ਉਸ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੋਲ ਇਹ ਜਾਂਚ ਕਿਸੇ ਮੌਜੂਦਾ ਜੱਜ ਨੂੰ ਸੌਂਪਣ ਦੀ ਬੇਨਤੀ ਕਰਨੀ ਚਾਹੀਦੀ ਹੈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਲਾਏ ਇਹਨਾਂ ਦੋਸ਼ਾਂ ਨੂੰ ਕੋਰਾ ਝੂਠ ਕਰਾਰ ਦਿੱਤਾ ਹੈ ਕਿ ਅਕਾਲੀ ਦਲ ਸੀਬੀਆਈ ਉੁੱਤੇ ਪ੍ਰਭਾਵ ਪਾ ਕੇ ਇਨਸਾਫ ਦੇ ਰਾਹ 'ਚ ਅੜਿੱਕੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਰਟੀ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਜੇਕਰ ਉਹ ਇਸ ਕੇਸ ਵਿਚ ਇਨਸਾਫ ਹੁੰਦਾ ਵੇਖਣ ਲਈ ਸੰਜੀਦਾ ਹੈ ਤਾਂ ਉਸ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੋਲ ਬੇਨਤੀ ਕਰਨੀ ਚਾਹੀਦੀ ਹੈ ਕਿ ਬਰਗਾੜੀ ਬੇਅਦਬੀ ਕੇਸ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਨੂੰ ਸੌਂਪੀ ਜਾਵੇ।

ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਅਜਿਹੇ ਝੂਠੇ ਅਤੇ ਗੁੰਮਰਾਹਕੁਨ ਬਿਆਨ ਦੇ ਕੇ ਬਰਗਾੜੀ ਬੇਅਦਬੀ ਕੇਸ ਵਿਚ ਆਪਣੀ ਸਰਕਾਰ ਦੀ ਨਾਕਾਮੀ ਨੂੰ ਨਹੀਂ ਲੁਕੋ ਸਕਦਾ, ਜਿਹਨਾਂ ਦਾ ਕੋਈ ਅਧਾਰ ਹੀ ਨਹੀਂ ਹੈ, ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਉੱਤੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਵੀ ਜਰੂਰੀ ਨਹੀਂ ਸਮਝੀ।

ਉਹਨਾਂ ਕਿਹਾ ਕਿ ਹੁਣ ਵੀ ਮੁੱਖ ਮੰਤਰੀ ਕਾਂਗਰਸੀ ਮੰਤਰੀਆਂ ਉੱਤੇ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕੇਸ ਨਾਲ ਸੰਬੰਧਿਤ ਪੁਲਿਸ ਕਰਮੀਆਂ ਨੂੰ ਬਚਾਉਣ ਦੇ ਦੋਸ਼ ਲੱਗਣ ਮਗਰੋਂ ਆਪਣੀਆਂ ਨਾਕਾਮੀਆਂ ਤੋਂ ਧਿਆਨ ਲਾਂਭੇ ਕਰਨ ਲਈ ਅਜਿਹੇ ਹਥਕੰਡੇ ਇਸਤੇਮਾਲ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਮੁੱਖ ਗਵਾਹ ਦੇ ਪਰਿਵਾਰ ਨੇ ਵਿਧਾਨ ਸਭਾ ਵਿਚ ਜਾ ਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਫਰੀਦਕੋਟ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਮੁੱਖ ਗਵਾਹ ਨੂੰ ਧਮਕਾਇਆ ਅਤੇ ਖੱਜਲ-ਖੁਆਰ ਕੀਤਾ ਸੀ।

ਉਹਨਾਂ ਕਿਹਾ ਕਿ ਇੱਕ ਹੋਰ ਗਵਾਹ ਦੇ ਪਰਿਵਾਰ ਨੇ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਨਿਰਦੋਸ਼ ਸਿੱਖਾਂ ਉੱਤੇ ਗੋਲੀਆਂ ਚਲਾਉਣ ਦੇ ਦੋਸ਼ੀ 11 ਪੁਲਿਸ ਅਧਿਕਾਰੀਆਂ ਵਿਚੋਂ 7 ਅਧਿਕਾਰੀਆਂ ਦੇ ਨਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕਹਿਣ ਤੇ ਐਫਆਈਆਰ ਵਿਚੋਂ ਹਟਾਏ ਜਾ ਚੁੱਕੇ ਹਨ।

ਡਾਕਟਰ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਨਹੀਂ ਕਰਵਾਉਣਾ ਚਾਹੁੰਦਾ ਕਿਉਂਕਿ ਇਸ ਨਾਲ ਗਵਾਹਾਂ ਉੱਤੇ ਗਵਾਹੀਆਂ ਵਾਪਸ ਲੈਣ ਵਾਸਤੇ ਦਬਾਅ ਪਾਉਣ ਲਈ ਉਸ ਦੀ ਆਪਣੀ ਪਾਰਟੀ ਦੇ ਆਗੂ ਅਤੇ ਮੰਤਰੀ ਫਸ ਜਾਣਗੇ। ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਮੁੱਖ ਮੰਤਰੀ ਬੁਰੀ ਤਰ੍ਹਾਂ ਘਬਰਾ ਗਿਆ ਹੈ ਅਤੇ ਬੇਬੁਨਿਆਦ ਅਤੇ ਝੂਠੇ ਬਿਆਨ ਜਾਰੀ ਕਰ ਰਿਹਾ ਹੈ।

ਸਾਬਕਾ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਬੇਅਦਬੀ ਵਰਗਾ ਘਿਨੌਣਾ ਅਪਰਾਧ ਕਰਨ ਵਾਲੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਅਤੇ ਉਹਨਾਂ ਖ਼ਿਲਾਫ ਕੇਸ ਦਰਜ ਕਰਨ ਦੇ ਪੱਖ ਵਿਚ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਸੀਬੀਆਈ ਜਾਂਚ ਤੋਂ ਘਬਰਾਉਣਾ ਨਹੀਂ ਚਾਹੀਦਾ। ਜੇਕਰ ਅਜੇ ਵੀ ਉਸ ਦੇ ਮਨ ਅੰਦਰ ਕੋਈ ਖ਼ਦਸ਼ਾ ਹੈ ਤਾਂ ਉਸ ਨੂੰ ਇਸ ਕੇਸ ਦੀ ਜਾਂਚ ਲਈ ਸੁਪਰੀਮ ਕੋਰਟ ਨੂੰ ਕਹਿਣ ਤੋਂ ਝਿਜਕਣਾ ਨਹੀਂ ਚਾਹੀਦਾ।

-PTC News

Related Post