ਕਸ਼ਮੀਰ 'ਚ ਅੱਤਵਾਦੀਆਂ ਦਾ ਵੱਡਾ ਸਫ਼ਾਇਆ, ਸ਼ੋਪੀਆਂ 'ਚ 5 , ਪੰਪੋਰ 'ਚ 3 ਅੱਤਵਾਦੀ ਢੇਰ

By  Shanker Badra June 19th 2020 05:09 PM

ਕਸ਼ਮੀਰ 'ਚ ਅੱਤਵਾਦੀਆਂ ਦਾ ਵੱਡਾ ਸਫ਼ਾਇਆ, ਸ਼ੋਪੀਆਂ 'ਚ 5 , ਪੰਪੋਰ 'ਚ 3 ਅੱਤਵਾਦੀ ਢੇਰ:ਸ੍ਰੀਨਗਰ : ਕਸ਼ਮੀਰ ਦੇ ਅਵੰਤੀਪੋਰਾ ਅਤੇ ਸ਼ੋਪੀਆਂ ਵਿਚ ਕੱਲ੍ਹ ਸਵੇਰ ਤੋਂ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਚੱਲ ਰਹੇ ਮੁਕਾਬਲੇ ਵਿਚ ਕੁੱਲ 8 ਅੱਤਵਾਦੀ ਮਾਰੇ ਗਏ ਹਨ। ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਖੇਤਰ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਜਦਕਿ ਸ਼ੋਪੀਆਂ ਜ਼ਿਲ੍ਹੇ ਵਿੱਚ ਪੰਜ ਹੋਰ ਮਾਰੇ ਗਏ ਹਨ। ਅਵੰਤੀਪੋਰਾ ਖੇਤਰ ਦੇ ਮਿਜ਼ ਪਿੰਡ ਵਿੱਚ ਬੀਤੇ ਵੀਰਵਾਰ ਨੂੰ ਇੱਕ ਅੱਤਵਾਦੀ ਮਾਰਿਆ ਗਿਆ ਸੀ, ਜਿਸਦੇ ਬਾਅਦ ਦੋ ਹੋਰ ਅੱਤਵਾਦੀਆਂ ਨੇ ਪਿੰਡ ਦੀ ਇੱਕ ਮਸਜਿਦ ਦੇ ਅੰਦਰ ਪਨਾਹ ਲਈ ਸੀ।

ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਮਸਜਿਦ ਵਿੱਚ ਲੁਕੇ ਅੱਤਵਾਦੀਆਂ ਉੱਤੇ ਨਾ ਤਾਂ ਫਾਇਰਿੰਗ ਕੀਤੀ ਅਤੇ ਨਾ ਹੀ ਆਈਈਡੀ ਦੀ ਵਰਤੋਂ ਕੀਤੀ ਗਈ। ਸੁਰੱਖਿਆ ਬਲਾਂ ਨੇ ਮਸਜਿਦ ਦੀ ਪਵਿੱਤਰਤਾ ਦਾ ਪੂਰਾ ਖਿਆਲ ਰੱਖਿਆ ਅਤੇ ਅੱਤਵਾਦੀਆਂ ਨੂੰ ਮਸਜਿਦ ਤੋਂ ਬਾਹਰ ਕੱਢਣ ਲਈ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਦੋਵਾਂ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਦਾ ਮੌਕਾ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਫਾਇਰਿੰਗ ਕੀਤੀ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।

Security forces Killed 8 terrorists in J&K in last 24 hours ਕਸ਼ਮੀਰ 'ਚ ਅੱਤਵਾਦੀਆਂ ਦਾ ਵੱਡਾ ਸਫ਼ਾਇਆ, ਸ਼ੋਪੀਆਂ 'ਚ 5 , ਪੰਪੋਰ 'ਚ 3 ਅੱਤਵਾਦੀ ਢੇਰ

ਇਸ ਦੇ ਨਾਲ ਹੀ ਜ਼ਿਲ੍ਹਾ ਸ਼ੋਪੀਆਂ ਦੇ ਬੈਂਡਪਾਵਾ ਪਿੰਡ ਵਿੱਚ ਦੂਸਰੇ ਮੁਕਾਬਲੇ ਵਿੱਚ ਸ਼ੁੱਕਰਵਾਰ ਨੂੰ ਚਾਰ ਅੱਤਵਾਦੀ ਮਾਰੇ ਗਏ ਹਨ, ਜਦੋਂਕਿ ਇੱਥੇ ਇੱਕ ਅੱਤਵਾਦੀ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਮਾਰਿਆ ਸੀ। ਪੁਲਿਸ ਨੇ ਦੱਸਿਆ ਕਿ ਇਥੇ ਮਾਰੇ ਗਏ ਪੰਜ ਅੱਤਵਾਦੀ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਸੰਗਠਨ ਦੇ ਸਨ। ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੀ ਭਾਲ ਲਈ ਅਜੇ ਵੀ ਇਲਾਕੇ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਹਨ।

ਡੀਜੀਪੀ ਪੁਲਿਸ ਦਿਲਬਾਗ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਆਪ੍ਰੇਸ਼ਨਾਂ ਦੌਰਾਨ ਸੁਰੱਖਿਆ ਬਲਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਉਸਨੇ ਦੱਸਿਆ ਕਿ ਸ਼ੋਪੀਆਂ ਦਾ ਅਪ੍ਰੇਸ਼ਨ ਅਜੇ ਵੀ ਜਾਰੀ ਹੈ, ਜਦੋਂ ਕਿ ਅਵੰਤੀਪੋਰਾ ਕਾਰਵਾਈ ਖਤਮ ਹੋ ਗਈ ਹੈ। ਸੁਰੱਖਿਆ ਕਾਰਨਾਂ ਕਰਕੇ ਅਵੰਤੀਪੋਰਾ ਅਤੇ ਸ਼ੋਪੀਆਂ ਵਿਚ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ। ਇਸ ਮਹੀਨੇ ਦੌਰਾਨ ਸ਼ੋਪੀਆਂ ਵਿੱਚ ਇਹ ਪੰਜਵਾਂ ਮੁਕਾਬਲਾ ਹੈ।

-PTCNews

Related Post