ਸਿੱਖ ਪ੍ਰਭਾਵਕ ਹਰਜਿੰਦਰ ਸਿੰਘ ਕੁਕਰੇਜਾ ਨੂੰ ਭਾਰਤ ਸਰਕਾਰ ਦੇ 'ਸੱਭਿਆਚਾਰਕ ਸਫ਼ੀਰ' ਨਿਯੁਕਤ ਕੀਤਾ

By  Jasmeet Singh August 9th 2022 06:12 PM -- Updated: August 9th 2022 06:32 PM

ਦੇਸ਼-ਵਿਦੇਸ਼, 9 ਅਗਸਤ: ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ ਭਰ ਵਿੱਚ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਬੜੇ ਹੀ ਮਾਣ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਪਹਿਲਕਦਮੀ ਦੇ ਤਹਿਤ ਭਾਰਤ ਸਰਕਾਰ ਨੇ ਗੂਗਲ ਅਤੇ ਫੇਸਬੁੱਕ ਦੇ ਸਹਿਯੋਗ ਨਾਲ ਹੁਣ 75 ਸਫ਼ਲ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ "ਭਾਰਤ ਲਈ ਸੱਭਿਆਚਾਰਕ ਸਫ਼ੀਰ" ਵਜੋਂ ਮਾਨਤਾ ਦਿੱਤੀ ਹੈ। ਇਸ ਸਮਾਗਮ ਲਈ ਮੁੰਬਈ ਦੀ ਏਸ਼ੀਆਟਿਕ ਸੁਸਾਇਟੀ ਵੱਲੋਂ ਇੱਕ ਅਧਿਕਾਰਤ ਗਾਲਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਸਿੱਖ ਸੋਸ਼ਲ ਮੀਡੀਆ ਪ੍ਰਭਾਵਕ ਹਰਜਿੰਦਰ ਸਿੰਘ ਕੁਕਰੇਜਾ ਉਨ੍ਹਾਂ ਚੁਣੇ ਗਏ 75 ਵਿਅਕਤੀਆਂ ਦਾ ਹਿੱਸਾ ਸਨ ਜਿਨ੍ਹਾਂ ਨੂੰ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਹਰਜਿੰਦਰ ਸਿੰਘ ਕੁਕਰੇਜਾ ਸਿੱਖ ਭਾਈਚਾਰੇ ਦੇ ਇੱਕ ਵਿਸ਼ਵ ਪ੍ਰਸਿੱਧ ਮੈਂਬਰ ਹਨ ਜਿਨ੍ਹਾਂ ਨੂੰ ਆਪਣੀ ਵਿਸ਼ਵ ਯਾਤਰਾਵਾਂ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਲਈ ਜਾਣਿਆ ਜਾਂਦਾ ਹੈ। ਦਿ ਏਸ਼ੀਆਟਿਕ ਸੋਸਾਇਟੀ ਆਫ ਮੁੰਬਈ ਵਿਖੇ ਆਯੋਜਿਤ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਮਸ਼ਹੂਰ ਹਸਤੀਆਂ ਦੀ ਲਿਸਟ ਵਿੱਚ ਡਿਜੀਟਲ ਨਿਰਮਾਤਾ, ਗਾਇਕ, ਅਦਾਕਾਰ, ਚੋਟੀ ਦੇ ਸ਼ੈੱਫ ਅਤੇ ਪ੍ਰਭਾਵਕ ਸ਼ਾਮਲ ਸਨ। ਹਰਜਿੰਦਰ ਸਿੰਘ ਕੁਕਰੇਜਾ ਦੇ ਨਾਲ ਭਾਰਤ ਦੇ ਸੱਭਿਆਚਾਰਕ ਸਫ਼ੀਰ ਵਜੋਂ ਨਿਯੁਕਤ ਕੀਤੇ ਗਏ ਕੁਝ ਚੋਟੀ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਅਵੇਜ਼ ਦਰਬਾਰ, ਨਗਮਾ ਮਿਰਾਜਕਰ, ਕਰਨਵੀਰ ਬੋਹਰਾ, ਕਰਨ ਦੁਆ, ਇਤੀ ਅਚਾਰੀਆ, ਅਮੁਲਿਆ ਰਤਨ, ਆਸ਼ਨਾ ਹੇਗੜੇ, ਮਾਨਵ ਛਾਬੜਾ, ਐਂਗਰੀ ਪਰਾਸ਼, ਅਸ਼ਨੂਰ ਕੌਰ, ਆਸ਼ੀ ਖੰਨਾ, ਮੀਰਾ ਕਪੂਰ, ਅੰਕਿਤਾ ਲੋਖੰਡੇ, ਆਰਜੇ ਅਨਮੋਲ, ਅੰਮ੍ਰਿਤਾ ਰਾਓ, ਸ਼ੈੱਫ ਕੁਨਾਲ ਕਪੂਰ ਅਤੇ ਜੰਨਤ ਜ਼ੁਬੈਰ ਸ਼ਾਮਲ ਹਨ। ਭਾਰਤ ਦੇ ਸੱਭਿਆਚਾਰਕ ਸਫੀਰਾਂ ਵਿੱਚੋਂ ਇੱਕ ਹੋਣ ਬਾਰੇ ਗੱਲ ਕਰਦੇ ਹੋਏ ਕੁਕਰੇਜਾ ਕਹਿੰਦੇ ਹਨ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਇੱਕ ਕੀਮਤੀ ਮੌਕਾ ਹੈ ਕਿਉਂਕਿ ਭਾਰਤ 75 ਸਾਲ ਦਾ ਹੋ ਗਿਆ ਹੈ ਅਤੇ 'ਭਾਰਤ ਦੇ ਸੱਭਿਆਚਾਰਕ ਸਫੀਰਾਂ' ਵਜੋਂ ਨਿਯੁਕਤ ਹੋਣਾ ਇੱਕ ਸਨਮਾਨ ਦੀ ਗੱਲ ਹੈ। ਇਹ ਉਨ੍ਹਾਂ ਸਾਰੇ 75 ਰਚਨਾਕਾਰਾਂ ਨੂੰ ਉਤਸ਼ਾਹਿਤ ਕਰਦਾ ਹੈ ਜਿਨ੍ਹਾਂ ਨੂੰ ਲੱਖਾਂ ਲੋਕ ਸੋਸ਼ਲ ਮੀਡੀਆ 'ਤੇ ਫੋਲੋ ਕਰਦੇ ਹਨ।" ਹਰਜਿੰਦਰ ਸਿੰਘ ਕੁਕਰੇਜਾ ਦੀ ਪਤਨੀ ਹਰਕੀਰਤ ਕੌਰ ਕੁਕਰੇਜਾ ਆਪਣੇ ਪਤੀ ਦੀ ਸੱਭਿਆਚਾਰਕ ਸਫ਼ੀਰ ਵਜੋਂ ਨਿਯੁਕਤੀ ਹੋਣ 'ਤੇ ਬੇਹੱਦ ਉਤਸ਼ਾਹਿਤ ਹਨ। ਹਰਕੀਰਤ ਕੌਰ ਕੁਕਰੇਜਾ ਜਿਸ ਨੂੰ 'ਸਿੱਖ ਸੁਪਰਮਾਮ' ਵਜੋਂ ਵੀ ਜਾਣਿਆ ਜਾਂਦਾ ਹੈ ਨੇ ਕਿਹਾ, "ਕੁਕਰੇਜਾ ਪਰਿਵਾਰ ਹਰਜਿੰਦਰ ਨੂੰ ਮਿਲੀ ਮਾਨਤਾ ਤੋਂ ਬਹੁਤ ਖੁਸ਼ ਹੈ ਅਤੇ ਚਾਹੁੰਦਾ ਹੈ ਕਿ ਉਹ ਇੱਕ ਸੱਚੇ 'ਸੱਭਿਆਚਾਰਕ ਸਫ਼ੀਰ' ਵਜੋਂ ਆਪਣੀ ਮਾਤ ਭੂਮੀ ਦੀ ਸੇਵਾ ਕਰਦੇ ਰਹਿਣ ਅਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਰਹਿਣ।" ਹਰਜਿੰਦਰ ਦਾ ਵਿਸ਼ਾਲ ਤਜਰਬਾ ਅਤੇ ਉਨ੍ਹਾਂ ਦੇ ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ ਅਤੇ ਲਿੰਕਡਇਨ ਖਾਤਿਆਂ ਰਾਹੀਂ ਦੁਨੀਆ ਵਿੱਚ ਸਰਗਰਮ ਅਤੇ ਸਕਾਰਾਤਮਕ ਪ੍ਰਭਾਵ ਦੀ ਪਹੁੰਚ ਕਰਕੇ ਉਨ੍ਹਾਂ ਦੇ 4 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। -PTC News

Related Post