ਸਿੱਖ ਨੌਜਵਾਨ ਨੂੰ ਹੈਲਮਟ ਨਾ ਪਹਿਨਣ ਕਾਰਨ ਸਾਈਕਲ ਦੌੜ 'ਚੋਂ ਬਾਹਰ ਕਰਨ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ

By  Shanker Badra September 3rd 2018 03:56 PM

ਸਿੱਖ ਨੌਜਵਾਨ ਨੂੰ ਹੈਲਮਟ ਨਾ ਪਹਿਨਣ ਕਾਰਨ ਸਾਈਕਲ ਦੌੜ 'ਚੋਂ ਬਾਹਰ ਕਰਨ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਠਿੰਡਾ ਪ੍ਰਸ਼ਾਸਨ ਦੀ ਇਕ ਮਹਿਲਾ ਅਫ਼ਸਰ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਸਾਈਕਲ ਦੌੜ ਵਿੱਚੋਂ ਹੈਲਮਟ ਨਾ ਪਹਿਨਣ ਕਾਰਨ ਬਾਹਰ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।ਇਥੋਂ ਜਾਰੀ ਇਕ ਬਿਆਨ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ਕਿਸੇ ਵੀ ਤਰ੍ਹਾਂ ਦਾ ਟੋਪ (ਹੈਲਮਟ) ਪਹਿਨਣਾ ਸਿੱਖਾਂ ਲਈ ਧਾਰਮਿਕ ਤੌਰ ’ਤੇ ਮਨ੍ਹਾ ਹੈ ਅਤੇ ਬਠਿੰਡਾ ਵਿਖੇ ਸਾਈਕਲ ਦੌੜ ਦੌਰਾਨ ਸਿੱਖ ਨੌਜਵਾਨ ਬਲਪ੍ਰੀਤ ਸਿੰਘ ਨੂੰ ਹੈਲਮਟ ਨਾ ਪਹਿਨਣ ਕਾਰਨ ਸਾਈਕਲ ਦੌੜ ਵਿਚ ਭਾਗ ਲੈਣ ਤੋਂ ਮਨ੍ਹਾ ਕਰਨਾ ਉਸ ਦੇ ਧਾਰਮਿਕ ਹੱਕਾਂ ’ਤੇ ਸਿੱਧਾ ਵਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਸਬੰਧਤ ਅਧਿਕਾਰੀ ਨੂੰ ਇਹ ਸਾਫ ਨਜ਼ਰ ਆ ਰਿਹਾ ਸੀ ਕਿ ਪ੍ਰਤੀਯੋਗੀ ਕੇਸਾਧਾਰੀ ਹੈ ਅਤੇ ਉਸ ਨੇ ਕੇਸਕੀ ਸਜਾਈ ਹੋਈ ਹੈ ਤਾਂ ਅਜਿਹੇ ਵਿਚ ਉਸ ਨੂੰ ਤੰਗ ਪ੍ਰੇਸ਼ਾਨ ਨਹੀਂ ਸੀ ਕਰਨਾ ਚਾਹੀਦਾ।ਮਹਿਲਾ ਅਧਿਕਾਰੀ ਦੀ ਇਸ ਹਰਕਤ ਨਾਲ ਸਿੱਖ ਨੌਜਵਾਨ ਬਲਪ੍ਰੀਤ ਸਿੰਘ ਨੂੰ ਮਾਨਸਿਕ ਤੌਰ ’ਤੇ ਡੂੰਘੀ ਠੇਸ ਪਹੁੰਚੀ ਹੈ,ਜਿਸ ਲਈ ਸਿੱਧੇ ਤੌਰ ’ਤੇ ਸਬੰਧਤ ਅਧਿਕਾਰੀ ਜ਼ੁੰਮੇਵਾਰ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਨੌਜਵਾਨ ਨੂੰ ਹੈਲਮਟ ਰਹਿਤ ਹੋਣ ਕਾਰਨ ਸਾਈਕਲ ਦੌੜ ਵਿਚ ਬਾਹਰ ਕਰਨ ਵਾਲੇ ਜ਼ੁੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅੱਗੇ ਤੋਂ ਕਿਤੇ ਵੀ ਅਜਿਹਾ ਨਾ ਵਾਪਰੇ ਇਸ ਲਈ ਵੀ ਸਪੱਸ਼ਟ ਹਦਾਇਤਾਂ ਅਤੇ ਨਿਰਦੇਸ਼ ਜਾਰੀ ਕੀਤੇ ਜਾਣ। -PTCNews

Related Post