ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਹਿਯੋਗ ਕਰਨ ਵਾਲੀ ਸੰਗਤ ਦਾ ਸ਼੍ਰੋਮਣੀ ਕਮੇਟੀ ਨੇ ਕੀਤਾ ਧੰਨਵਾਦ

By  Shanker Badra October 27th 2018 04:42 PM

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਹਿਯੋਗ ਕਰਨ ਵਾਲੀ ਸੰਗਤ ਦਾ ਸ਼੍ਰੋਮਣੀ ਕਮੇਟੀ ਨੇ ਕੀਤਾ ਧੰਨਵਾਦ:ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਪੁੱਜੀਆਂ ਲੱਖਾਂ ਸੰਗਤਾਂ ਅਤੇ ਸੇਵਾ ਕਰਨ ਵਾਲੀਆ ਸਭਾ ਸੁਸਾਇਟੀਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧੰਨਵਾਦ ਕੀਤਾ ਹੈ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵਾਰ ਸੰਗਤ ਦੇ ਸਹਿਯੋਗ ਨਾਲ ਕੁਝ ਵੱਖਰੇ ਪ੍ਰੋਗਰਾਮ ਉਲੀਕੇ ਗਏ ਸਨ, ਜੋ ਬੇਹੱਦ ਯਾਦਗਾਰੀ ਹੋ ਨਿਬੜੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰੇਰਨਾ ਅਤੇ ਸਿੰਘ ਸਾਹਿਬਾਨ ਦੀ ਆਗਿਆ ਨਾਲ ਇਸ ਵਾਰ ਨਗਰ ਕੀਰਤਨ ਸ਼ਹਿਰ ਦੇ ਅੰਦਰੂਨ ਹਿੱਸਿਆਂ ਦੀ ਥਾਂ ਸ਼ਹਿਰ ਦੇ ਪੁਰਾਤਨ ਇਤਿਹਾਸਿਕ ਦਰਵਾਜਿਆਂ ਦੁਆਲੇ ਰਿੰਗ ਰੋਡ ’ਤੇ 10 ਕਿਲੋਮੀਟਰ ਦੇ ਘੇਰੇ ’ਚ ਸਜਾਇਆ ਗਿਆ ਜਿਸ ਵਿਚ ਸੰਗਤ ਨੇ ਭਰਵਾਂ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਪਹਿਲੀ ਵਾਰ ਕਰਵਾਏ ਗਏ ਪੜਤਾਲ ਗਾਇਨ ਕੀਰਤਨ ਸਮਾਗਮ ਤੇ 52 ਕਿੱਤਾਕਾਰਾਂ ਦੇ ਸਨਮਾਨ ਵਿਚ ਵੀ ਸੰਗਤ ਵੱਲੋਂ ਬੇਮਿਸਾਲ ਸਹਿਯੋਗ ਮਿਲਿਆ ਹੈ। ਡਾ. ਰੂਪ ਸਿੰਘ ਨੇ ਗੁਰਪੁਰਬ ਦੇ ਇਤਿਹਾਸਕ ਮੌਕੇ ’ਤੇ ਸੇਵਾ ਕਰਨ ਵਾਲੀਆਂ ਸਾਰੀਆਂ ਹੀ ਸ਼ਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਹਾਨ ਦਿਹਾੜੇ ’ਤੇ ਸਮੂਹ ਜਥੇਬੰਦੀਆਂ, ਸਭਾ ਸੁਸਾਇਟੀਆਂ, ਕਾਰ ਸੇਵਾ ਵਾਲੇ ਮਹਾਂਪੁਰਖਾਂ, ਸੰਗਤਾਂ, ਪ੍ਰਸ਼ਾਨ ਤੇ ਮੀਡੀਆ ਵੱਲੋਂ ਨਿਭਾਈ ਗਈ ਸੇਵਾ ਮਿਸਾਲੀ ਹੈ ਜਿਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਉਹ ਸਭ ਦਾ ਧੰਨਵਾਦ ਕਰਦੇ ਹਨ ਅਤੇ ਭਵਿੱਖ ਵਿਚ ਵੀ ਅਜਿਹੇ ਹੀ ਸਹਿਯੋਗ ਦੀ ਆਸ ਵੀ ਕਰਦੇ ਹਨ। ਡਾ. ਰੂਪ ਸਿੰਘ ਨੇ ਕਿਹਾ ਕਿ ਨਗਰ ਕੀਰਤਨ ਤੇ ਹੋਰ ਸਮਾਗਮਾਂ ਸਮੇਂ ਅਮਰੀਕਾ, ਦੁਬਈ, ਅਫਗਾਨਿਸਤਾਨ, ਜੰਮੂ ਕਸ਼ਮੀਰ, ਦਿੱਲੀ, ਮੁੰਬਈ ਆਦਿ ਥਾਵਾਂ ਤੋਂ ਪੁੱਜੇ ਸੰਗਤੀ ਜਥਿਆਂ ਨੇ ਵੀ ਸਮਾਗਮਾਂ ਦੀ ਸੋਭਾ ਵਧਾਈ ਹੈ ਜਿਸ ਲਈ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਵੀ ਧੰਨਵਾਦੀ ਹੈ।ਡਾ. ਰੂਪ ਸਿੰਘ ਨੇ ਕਿਹਾ ਕਿ ਸਮੁੱਚੇ ਸਮਾਗਮਾਂ ਦੌਰਾਨ ਗੁਰੂ ਸਾਹਿਬ ਦੀ ਵੱਡੀ ਕਿਰਪਾ ਰਹੀ ਹੈ ਅਤੇ ਸਾਰੇ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਏ ਹਨ।ਇਸੇ ਦੌਰਾਨ ਅਫਗਾਨੀ ਤੇ ਅਮਰੀਕੀ ਸਿੱਖ ਜਥਿਆਂ ਨੂੰ ਸ਼੍ਰੋਮਣੀ ਕਮੇਟੀ ਨੇ ਸਨਮਾਨਿਤ ਕੀਤਾ।ਮੁੱਖ ਸਕੱਤਰ ਨੇ ਕਿਹਾ ਕਿ ਸਮਾਗਮਾਂ ਵਿਚ ਸੇਵਾ ਕਰਨ ਵਾਲਿਆਂ ਦਾ ਵੀ ਜਲਦ ਹੀ ਸਨਮਾਨ ਕੀਤਾ ਜਾਵੇਗਾ।ਓਧਰ ਪ੍ਰਕਾਸ਼ ਗੁਰਪੁਰਬ ਮੌਕੇ ਲੰਗਰ ਦੀ ਸੇਵਾ ਨਿਭਾਉਣ ਵਾਲੇ 400 ਸੇਵਾਦਾਰਾਂ ਨੂੰ ਬਾਬਾ ਰਾਮ ਸਿੰਘ ਸੀਂਘਣਾ ਕਰਨਾਲ ਵਾਲਿਆਂ ਵੱਲੋਂ ਸੂਟ ਅਤੇ ਸਿਲਾਈ ਲਈ ਪੈਸਿਆਂ ਦੀ ਸੇਵਾ ਕੀਤੀ। -PTCNews

Related Post