ਸ੍ਰੀ ਮੁਕਤਸਰ ਸਾਹਿਬ : ਬਾਗਬਾਨੀ ਕਿੱਤੇ ਨਾਲ ਜੁੜੇ ਕਿਸਾਨ ਬਾਗ ਪੁੱਟਣ ਲਈ ਹੋਏ ਮਜ਼ਬੂਰ, ਕਰਫ਼ਿਊ ਕਾਰਨ ਹੋਇਆ ਭਾਰੀ ਨੁਕਸਾਨ

By  Shanker Badra June 2nd 2020 03:48 PM -- Updated: June 2nd 2020 03:51 PM

ਸ੍ਰੀ ਮੁਕਤਸਰ ਸਾਹਿਬ : ਬਾਗਬਾਨੀ ਕਿੱਤੇ ਨਾਲ ਜੁੜੇ ਕਿਸਾਨ ਬਾਗ ਪੁੱਟਣ ਲਈ ਹੋਏ ਮਜ਼ਬੂਰ, ਕਰਫ਼ਿਊ ਕਾਰਨ ਹੋਇਆ ਭਾਰੀ ਨੁਕਸਾਨ:ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਸੰਮੇਵਾਲੀ ਬਾਗਬਾਨੀ ਕਾਰਨ ਮਸ਼ਹੂਰ ਹੈ ਪਰ ਬੀਤੇ ਵਰ੍ਹੇ ਮੌਸਮ ਦੀ ਮਾਰ ਅਤੇ ਇਸ ਸਾਲ ਲਾਕਡਾਊਨ ਕਾਰਨ ਮਾਰਕੀਟਿੰਗ ਨਾ ਹੋਣ ਕਰਕੇ ਇਥੋਂ ਦੇ ਕਿਸਾਨ ਆਲੂ ਬੁਖਾਰੇ ਦੇ ਬਾਗ ਪੁਟਣ ਲਈ ਮਜ਼ਬੂਰ ਹਨ। ਇੱਕ ਪਾਸੇ ਸਰਕਾਰਾਂ ਕਹਿ ਰਹੀਆਂ ਹਨ ਕਿ ਕਿਸਾਨ ਝੋਨੇ ਅਤੇ ਕਣਕ ਦੇ ਫਸਲੀ ਚੱਕਰ 'ਚੋ ਬਾਹਰ ਨਿਕਲਣ ਪਰ ਜਦੋਂ ਕਿਸਾਨ ਇਸ ਚੱਕਰ 'ਚੋਂ ਬਾਹਰ ਨਿਕਲ ਕੇ ਹੋਰ ਫਸਲਾਂ ਬੀਜਦੇ ਹਨ ਤਾਂ ਉਹਨਾਂ ਅੱਗੇ ਮਾਰਕੀਟਿੰਗ ਸਮੇਤ ਕਈ ਸਮਸਿਆਵਾਂ ਮੂੰਹ ਅੱਡੀ ਖੜੀਆਂ ਹਨ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਮੇਵਾਲੀ ਦੇ ਬਾਗਬਾਨੀ ਨਾਲ ਜੁੜੇ ਕਿਸਾਨ ਅਜਿਹਾ ਹੀ ਕੁੱਝ ਦਰਦ ਬਿਆਨ ਕਰਦੇ ਹਨ। ਦਰਅਸਲ 'ਚ ਇਹ ਕਿਸਾਨ ਬੀਤੇ 10 ਸਾਲਾਂ ਤੋਂ ਆਲੂ ਬੁਖਾਰੇ ਦੇ ਬਾਗ ਲਾ ਰਹੇ ਸਨ ਪਰ ਇਸ ਵਾਰ ਬਾਗ ਪੁੱਟਣ ਲਈ ਮਜਬੂਰ ਹੋਣਾ ਪਿਆ ਹੈ। ਇਹਨਾਂ ਕਿਸਾਨਾਂ ਦੀ ਮੰਨੀਏ ਤਾਂ ਇਹਨਾਂ ਦਾ ਕਹਿਣਾ ਕਿ ਸਹੀਂ ਅਰਥਾਂ ਵਿੱਚ ਸਵ.ਬੀਬੀ ਸੁਰਿੰਦਰ ਕੌਰ ਬਾਦਲ ਤੋਂ ਬਾਅਦ ਇਸ ਖੇਤਰ ਦੇ ਬਾਗਬਾਨੀ ਨਾਲ ਜੁੜੇ ਕਿਸਾਨਾਂ ਦੀ ਕਿਸੇ ਸਾਰ ਹੀ ਨਹੀਂ ਲਈ। ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਧਰਮਪਤਨੀ ਸਵ. ਸੁਰਿੰਦਰ ਕੌਰ ਬਾਦਲ ਖੁਦ ਬਾਗਬਾਨੀ ਨਾਲ ਜੁੜੇ ਕਿਸਾਨਾਂ ਦੀ ਸਾਰ ਲੈਂਦੇ ਰਹੇ ਹਨ। ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਵਰ੍ਹੇ ਗੜੇਮਾਰੀ ਕਾਰਨ ਸਾਰਾ ਫਲ ਝੜ ਗਿਆ ਸੀ। ਬਾਗਬਾਨੀ ਵਿਭਾਗ ਨੇ ਸਰਵੇ ਕੀਤਾ ਅਤੇ ਮੁਆਵਜ਼ੇ ਦਾ ਵਿਸਵਾਸ ਦਿਵਾਇਆ ਕਣਕ ਤੇ ਝੋਨੇ ਵਾਲਿਆਂ ਨੂੰ ਤਾਂ ਮੁਆਵਜ਼ਾ ਮਿਲ ਗਿਆ ਪਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ। ਇਸ ਸਾਲ ਲਾਕਡਾਊਨ ਦੇ ਚਲਦਿਆਂ ਵਪਾਰੀ ਹੀ ਨਹੀਂ ਪਹੁੰਚੇ ਤੇ ਫ਼ਲ ਖਰਾਬ ਹੋ ਗਿਆ। ਉਹਨਾਂ ਨੂੰ ਭਰੇ ਮਨ ਨਾਲ ਇਹ ਬਾਗ ਪੁੱਟਣਾ ਪਿਆ ਤੇ ਕਰੀਬ 15 ਤੋਂ 17 ਲੱਖ ਰੁਪਏ ਦਾ  ਨੁਕਸਾਨ ਝੱਲਣਾ ਪਿਆ ਹੈ। ਉਹਨਾਂ ਮੰਗ ਕੀਤੀ ਕਿ ਕਿਸਾਨ ਬਾਗਬਾਨੀ ਵੱਲ ਆਉਣਾ ਚਾਹੁੰਦਾ ਪਰ ਸਰਕਾਰ ਸਾਰ ਤਾਂ ਲਵੇ। -PTCNews

Related Post