ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ 11ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਪੇਸ਼ ਕਰਨ ਦਿੱਤੀ ਚੁਣੌਤੀ

By  Shanker Badra April 30th 2018 12:11 PM -- Updated: April 30th 2018 12:12 PM

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ 11ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਪੇਸ਼ ਕਰਨ ਦਿੱਤੀ ਚੁਣੌਤੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀ ਕਲਾਸ ਦੀ ਨਵੀਂ ਇਤਿਹਾਸ ਦੀ ਕਿਤਾਬ ਮੀਡੀਆ ਸਾਹਮਣੇ ਪੇਸ਼ ਕਰਨ ਤਾਂ ਕਿ ਉਹਨਾਂ ਵੱਲੋਂ ਕੀਤੇ ਇਸ ਦਾਅਵੇ ਦੀ ਪੁਸ਼ਟੀ ਹੋ ਸਕੇ ਕਿ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਇਤਿਹਾਸ ਬਾਰੇ ਸਿਲੇਬਸ ਗਾਇਬ ਨਹੀਂ ਕੀਤਾ,ਸਗੋਂ ਇਸ ਸਿਲੇਬਸ ਨੂੰ ਤਬਦੀਲ ਕਰਕੇ 11ਵੀ ਕਲਾਸ ਦੀ ਪੁਸਤਕ ਵਿਚ ਸ਼ਾਮਿਲ ਕੀਤਾ ਹੈ।ਸ.ਬਾਦਲ ਨੇ ਕਿਹਾ ਕਿ ਮੈਂ ਅੱਜ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਅਧਿਕਾਰੀ ਸਿਲੇਬਸ ਵਿਚੋਂ ਸਿੱਖ ਇਤਿਹਾਸ ਨੂੰ ਗਾਇਬ ਕਰਨ ਦੀ ਗਲਤੀ ਕੱਜਣ ਵਾਸਤੇ ਹੁਣ ਨਵੀਂ ਕਿਤਾਬ ਛਾਪ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ,ਉਹ ਤੁਰੰਤ ਸਿੱਖ ਇਤਿਹਾਸ ਦੇ ਸਾਰੇ ਪੁਰਾਣੇ ਚੈਪਟਰਾਂ ਵਾਲੀ ਨਵੀਂ ਕਿਤਾਬ ਸਾਰਿਆਂ ਨਾਲ ਸਾਂਝੀ ਕਰਨ।

ਸੁਖਬੀਰ ਬਾਦਲ ਨੇ ਸੂਬੇ ਦੇ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੇ ਸਿਲੇਬਸ ਵਿਚੋਂ ਸਿੱਖ ਇਤਿਹਾਸ ਨੂੰ ਗਾਇਬ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਲਾਏ ਦੋਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਟਿੱਪਣੀ ਦਾ ਜੁਆਬ ਦੇ ਰਹੇ ਸਨ।ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਬੋਰਡ ਦੇ ਸਿਲੇਬਸ ਵਿਚੋਂ ਕੋਈ ਵੀ ਚੈਪਟਰ ਹਟਾਇਆ ਨਹੀਂ ਗਿਆ ਹੈ ਅਤੇ ਐਨਸੀਈਆਰਟੀ ਦੇ ਨਿਰਦੇਸ਼ਾਂ ਅਨੁਸਾਰ ਇਹ ਚੈਪਟਰਾਂ ਨੂੰ 12ਵੀ ਕਲਾਸ ਦੇ ਸਿਲੇਬਸ ਵਿਚੋਂ ਕੱਢ ਕੇ 11ਵੀਂ ਕਲਾਸ ਦੇ ਸਿਲੇਬਸ ਵਿਚ ਪਾ ਦਿੱਤਾ ਗਿਆ ਹੈ।

ਸ. ਬਾਦਲ ਨੇ ਅਕਾਲੀ ਦਲ ਵੱਲੋਂ ਲਾਏ ਦੋਸ਼ ਸੰਬੰਧੀ ਮੁੱਖ ਮੰਤਰੀ ਦੇ ਖੰਡਨ ਨੂੰ ਬਿਲਕੁੱਲ ਹੀ ਗਲਤ ਅਤੇ ਗੁੰਮਰਾਹਕੁਨ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਦਾ ਹੁਕਮ ਦੇਣ ਚਾਹੀਦਾ ਸੀ ਨਾ ਕਿ ਇਸ ਗਲਤੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਗੱਲ ਸੁਣ ਕੇ ਗਲਤ ਬਿਆਨਬਾਜ਼ੀ ਕਰਨੀ ਚਾਹੀਦੀ ਸੀ।

ਉਨ੍ਹਾਂ ਨੇ ਇਹ ਨੁਕਤਾ ਵੀ ਉਠਾਇਆ ਕਿ 12ਵੀਂ ਕਲਾਸ ਦੇ ਪੁਰਾਣੇ ਸਿਲੇਬਸ ਵਿਚ 23 ਵੱਡੇ ਚੈਪਟਰ ਸਨ ਅਤੇ ਇਹਨਾਂ ਚੈਪਟਰਾਂ ਵਿਚ ਹਰ ਗੁਰੂ ਸਾਹਿਬਾਨ ਬਾਰੇ ਅਤੇ ਬੰਦਾ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦੇ ਸਿੱਖ ਇਤਿਹਾਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਸੀ।ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਦਿੱਤੇ ਚੈਪਟਰ ਵਿਚ ਚਾਰੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਹੋਈ ਸੀ।ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਕਹਿੰਦੇ ਹਨ ਕਿ ਐਨਸੀਈਆਰਟੀ ਦੇ ਸਿਲੇਬਸ ਮੁਤਾਬਿਕ ਸਿੱਖ ਇਤਿਹਾਸ ਬਾਰੇ 12ਵੀਂ ਕਲਾਸ ਦੇ ਸਿਲੇਬਸ 'ਚ ਸ਼ਾਮਿਲ ਸਾਰੇ ਚੈਪਟਰ ਬਦਲ ਕੇ 11ਵੀਂ ਕਲਾਸ ਦੇ ਸਿਲੇਬਸ ਵਿਚ ਪਾ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਜੇਕਰ ਇਹ ਦਾਅਵਾ ਸੱਚਾ ਹੁੰਦਾ ਤਾਂ ਸਾਰੇ 23 ਚੈਪਟਰ 11ਵੀਂ ਕਲਾਸ ਦੇ ਸਿਲੇਬਸ ਵਿਚ ਹੋਣੇ ਚਾਹੀਦੇ ਹਨ।ਪਰ ਅਜਿਹਾ ਨਹੀਂ ਹੈ।ਇਸ ਦੀ ਥਾਂ 11ਵੀਂ ਕਲਾਸ ਵਿਚ ਸਿੱਖ ਇਤਿਹਾਸ ਬਾਰੇ ਸਿਰਫ 5 ਚੈਪਟਰ ਪਾਏ ਗਏ ਹਨ ਜਦਕਿ 12ਵੀਂ ਕਲਾਸ ਦੇ ਸਿਲੇਬਸ ਵਿਚ 23 ਚੈਪਟਰ ਸਨ।ਇਹਨਾਂ ਪੰਜ ਚੈਪਟਰਾਂ ਵਿਚ ਵੀ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਣ ਦੀ ਥਾਂ ਸੰਖੇਪ ਜਿਹੀ ਜਾਣਕਾਰੀ ਦਿੱਤੀ ਗਈ ਹੈ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹੁਣ ਵੀ ਸੰਬੰਧਿਤ ਕਲਾਸਾਂ ਦੀਆਂ ਪੁਰਾਣੀਆਂ ਅਤੇ ਨਵੀਆਂ ਕਿਤਾਬਾਂ ਮੰਗਵਾ ਕੇ ਖੁਦ ਵੇਖਣ ਕਿ ਕਿਸ ਤਰ੍ਹਾਂ ਉਹਨਾਂ ਦੇ ਅਧਿਕਾਰੀਆਂ ਨੇ ਸਿੱਖ ਇਤਿਹਾਸ ਨੂੰ ਬੇਦਰਦੀ ਨਾਲ ਛਾਂਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮੁੱਦੇ ਉੱਤੇ ਹੋਰ ਬਿਆਨਬਾਜ਼ੀ ਕਰਨ ਦੀ ਥਾਂ ਦੋਵੇਂ ਕਿਤਾਬਾਂ ਦੀ ਇਤਿਹਾਸਕਾਰਾਂ ਅਤੇ ਮਾਹਿਰਾਂ ਤੋਂ ਵੀ ਪਰਖ ਕਰਵਾਉਣੀ ਚਾਹੀਦੀ ਹੈ।

-PTCNews

Related Post