ਸੁਖਬੀਰ ਬਾਦਲ ਵੱਲੋਂ ਮੋਹਾਲੀ ਵਿਚ ਰੇਤ ਮਾਫੀਆ ਦੁਆਰਾ ਦੋ ਜੰਗਲਾਤ ਅਧਿਕਾਰੀਆਂ ਉੱਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ

By  Shanker Badra June 20th 2018 05:14 PM

ਸੁਖਬੀਰ ਬਾਦਲ ਵੱਲੋਂ ਮੋਹਾਲੀ ਵਿਚ ਰੇਤ ਮਾਫੀਆ ਦੁਆਰਾ ਦੋ ਜੰਗਲਾਤ ਅਧਿਕਾਰੀਆਂ ਉੱਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਅੱਜ ਮੋਹਾਲੀ ਵਿਚ ਰੇਤ ਮਾਫੀਆ ਵੱਲੋਂ ਦੋ ਜੰਗਲਾਤ ਅਧਿਕਾਰੀਆਂ 'ਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਉੱਤੇ ਹਮਲੇ ਅਤੇ ਵੱਡੇ ਪੱਧਰ ਉੱਤੇ ਰੇਤੇ ਦੀ ਗੈਰਕਾਨੂੰਨੀ ਮਾਈਨਿੰਗ ਬੇਰੋਕ ਜਾਰੀ ਹੈ,ਕਿਉਂਕਿ ਕਾਂਗਰਸ ਸਰਕਾਰ ਰੇਤ ਮਾਫੀਆ ਨਾਲ ਰਲੀ ਹੋਈ ਹੈ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੱਲ ਮੋਹਾਲੀ ਦੇ ਮਾਜਰੀ ਬਲਾਕ ਵਿਚ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਜੰਗਲਾਤ ਅਧਿਕਾਰੀਆਂ ਉੱਤੇ ਕੀਤੇ ਜਾਨਲੇਵਾ ਹਮਲੇ ਨੇ ਸਾਬਿਤ ਕਰ ਦਿੱਤਾ ਕਿ ਸੂਬੇ ਵਿਚ ਜੰਗਲ ਰਾਜ ਦਾ ਬੋਲਬਾਲਾ ਹੈ।ਉਹਨਾਂ ਕਿਹਾ ਕਿ ਰੇਤ ਮਾਫੀਆ ਦੇ ਹੌਂਸਲੇ ਇੰਨੇ ਖੁੱਲ ਗਏ ਹਨ ਕਿ ਇਹ ਇਸ ਦੀਆਂ ਗੈਰਕਾਨੂੰਨੀ ਕਾਰਵਾਈਆਂ ਦੇ ਰਸਤੇ ਵਿਚ ਆ ਰਹੇ ਸਰਕਾਰੀ ਅਧਿਕਾਰੀਆਂ ਦਾ ਕਤਲ ਕਰਨ ਲਈ ਵੀ ਤਿਆਰ ਹੈ।

ਸ.ਬਾਦਲ ਨੇ ਆਖਿਆ ਕਿ ਇਹ ਗੱਲ ਸ਼ਾਹਕੋਟ ਜ਼ਿਮਨੀ ਚੋਣ ਵੇਲੇ ਹੀ ਸਪੱਸ਼ਟ ਹੋ ਗਈ ਸੀ,ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਖ਼ਿਲਾਫ ਗੈਰਕਾਨੂੰਨੀ ਮਾਈਨਿੰਗ ਦੇ ਗੰਭੀਰ ਦੋਸ਼ ਲੱਗੇ ਹੋਣ ਦੇ ਬਾਵਜੂਦ ਸੂਬਾ ਸਰਕਾਰ ਨੇ ਉਸ ਨੂੰ ਬਚਾਉਣ ਲਈ ਸਾਰੇ ਕਾਨੂੰਨ ਛਿੱਕੇ ਉੱਤੇ ਟੰਗ ਦਿੱਤੇ ਸਨ।ਉਹਨਾਂ ਕਿਹਾ ਕਿ ਲਾਡੀ ਖ਼ਿਲਾਫ ਇੱਕ ਸਟਿੰਗ ਦੇ ਰੂਪ ਵਿਚ ਵੀਡਿਓਗ੍ਰਾਫਿਕ ਸਬੂਤ ਹੋਣ ਦੇ ਬਾਵਜੂਦ ਵੀ ਉਸ ਖ਼ਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ।ਸੂਬਾ ਸਰਕਾਰ ਦੇ ਇਸ ਵਤੀਰੇ ਨੇ ਰੇਤ ਮਾਫੀਆ ਦੇ ਹੌਂਸਲੇ ਖੋਲ ਦਿੱਤੇ ਅਤੇ ਹੁਣ ਉਹ ਬਿਨਾਂ ਕਿਸੇ ਡਰ ਤੋਂ ਸੂਬੇ ਦੇ ਕੁਦਰਤੀ ਸਰੋਤਾਂ ਨੂੰ ਤਹਿਸ ਨਹਿਸ ਕਰ ਰਿਹਾ ਹੈ ਅਤੇ ਲੁੱਟ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਗੈਰਕਾਨੂੰਨੀ ਮਾਈਨਿੰਗ ਦੀਆਂ ਹੈਲੀਕਾਪਟਰ ਤੋਂ ਬਣਾਈਆਂ ਵੀਡਿਓਜ਼ ਜਾਰੀ ਕਰਨ ਅਤੇ ਫੋਕੇ ਦਬਕੇ ਮਾਰਨ ਤੋਂ ਇਲਾਵਾ ਰੇਤ ਮਾਫੀਆ ਨੂੰ ਨੱਥ ਪਾਉਣ ਲਈ ਕੁੱਝ ਨਹੀਂ ਕਰ ਰਹੀ ਹੈ, ਇਸ ਲਈ ਉਹਨਾਂ ਦੀ ਪਾਰਟੀ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲੇਗੀ ਅਤੇ ਉਹਨਾਂ ਨੂੰ ਕਹੇਗੀ ਕਿ ਉਹ ਸੂਬਾ ਸਰਕਾਰ ਨੂੰ ਰੇਤ ਮਾਫੀਆ ਅਤੇ ਸਰਕਾਰ ਅੰਦਰ ਬਹਿ ਕੇ ਰੇਤ ਮਾਫੀਆ ਦੀ ਪੁਸ਼ਤਪਨਾਹੀ ਕਰ ਰਹੇ ਕਾਂਗਰਸੀਆਂ ਖ਼ਿਲਾਫ ਕਾਰਵਾਈ ਕਰਨ ਦਾ ਨਿਰਦੇਸ਼ ਦੇਣ।ਉਹਨਾਂ ਕਿਹਾ ਕਿ ਅਸੀਂ ਇਹ ਵੀ ਮੰਗ ਕਰਾਂਗੇ ਕਿ ਗੈਰਕਾਨੂੰਨੀ ਤੌਰ ਤੇ ਕੱਢੇ ਗਏ ਰੇਤੇ ਉੱਤੇ ਮਾਫੀਆ ਵੱਲੋਂ ਲਾਏ ਜਾ ਰਹੇ ਗੁੰਡਾ ਟੈਕਸ ਨੂੰ ਬੰਦ ਕਰਵਾਇਆ ਜਾਵੇ।ਇਸ ਤੋਂ ਇਲਾਵਾ ਇਸ ਮੁੱਦੇ ਉੱਤੇ ਆਮ ਆਦਮੀ ਨੂੰ ਹੋ ਰਹੀ ਤਕਲੀਫ ਦਾ ਹੱਲ ਕੱਢਣ ਲਈ ਰੇਤ ਦੀਆਂ ਕੀਮਤਾਂ ਘਟਾਉਣ ਵਾਸਤੇ ਇੱਕ ਠੋਸ ਨੀਤੀ ਬਣਾਈ ਜਾਵੇ।ਉਹਨਾਂ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਰਾਹੀਂ ਵਾਤਾਵਰਣ ਦੀ ਹੋ ਰਹੀ ਤਬਾਹੀ ਤੋਂ ਇਲਾਵਾ ਕਈ ਥਾਂਵਾਂ ਉੱਤੇ ਸਤਲੁਜ ਦਰਿਆ ਦੇ ਰੁਖ਼ ਵਿਚ ਆਈ ਤਬਦੀਲੀ ਅਤੇ ਉਪਜਾਊ ਭੂਮੀ ਦੇ ਪਾਣੀ ਨਾਲ ਰੁੜ ਜਾਣ ਬਾਰੇ ਵੀ ਇੱਕ ਮੰਗ ਪੱਤਰ ਰਾਹੀਂ ਰਾਜਪਾਲ ਨੂੰ ਜਾਣੂ ਕਰਵਾਇਆ ਜਾਵੇਗਾ।

ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਾਰੀਆਂ ਰੇਤ ਖੱਡਾਂ ਉੱਤੇ ਕਬਜ਼ੇ ਕਰਨ ਦੀ ਲਾਲਸਾ ਇਸ ਪਾਰਟੀ ਦੀ ਸਰਕਾਰ ਬਣਦੇ ਹੀ ਉਸ ਸਮੇਂ ਸਾਹਮਣੇ ਆ ਗਈ ਸੀ,ਜਦੋਂ ਉਸ ਸਮੇਂ ਦੇ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਨੇਪਾਲੀ ਖਾਨਸਾਮੇ ਅਤੇ ਦਫਤਰ ਕਰਮਚਾਰੀਆਂ ਦੇ ਨਾਂ ਉੱਤੇ ਰੇਤ ਦੀਆਂ ਖੱਡਾਂ ਹਾਸਿਲ ਕਰ ਲਈਆਂ ਸਨ।ਉਹਨਾਂ ਕਿਹਾ ਕਿ ਇਕਹਿਰੀਆਂ ਬੋਲੀਆਂ ਰਾਹੀਂ ਕਾਂਗਰਸੀ ਵਿਧਾਇਕਾਂ ਦੇ ਸਹਿਯੋਗੀਆਂ ਅਤੇ ਪਰਿਵਾਰਕ ਮੈਂਬਰਾਂ ਨੇ 17 ਖੱਡਾਂ ਹਾਸਿਲ ਕਰ ਲਈਆਂ ਸਨ,ਜਿਸ ਤੋਂ ਸਾਬਿਤ ਹੋ ਗਿਆ ਸੀ ਕਿ ਕਾਂਗਰਸ ਪਾਰਟੀ ਨੇ ਸਾਰੀਆਂ ਰੇਤ ਖੱਡਾਂ ਦੀ ਬੋਲੀ ਦੀ ਪ੍ਰਕਿਰਿਆ ਨੂੰ ਆਪਣੇ ਹੱਕ ਵਿਚ ਭੁਗਤਾਇਆ ਸੀ।

-PTCNews

Related Post