ਤੇਲ ਕੀਮਤਾਂ ਘਟਾ ਕੇ ਕਿਸਾਨਾਂ ਤੇ ਆਮ ਆਦਮੀ ਨੂੰ ਦਿੱਤੀ ਜਾਵੇ ਰਾਹਤ: ਸੁਖਬੀਰ ਸਿੰਘ ਬਾਦਲ

By  Shanker Badra June 23rd 2020 10:14 AM -- Updated: June 23rd 2020 10:16 AM

ਤੇਲ ਕੀਮਤਾਂ ਘਟਾ ਕੇ ਕਿਸਾਨਾਂ ਤੇ ਆਮ ਆਦਮੀ ਨੂੰ ਦਿੱਤੀ ਜਾਵੇ ਰਾਹਤ: ਸੁਖਬੀਰ ਸਿੰਘ ਬਾਦਲ:ਚੰਡੀਗੜ : ਸ਼੍ਰੋਮਣੀ  ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਾਲ ਹੀ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਂਦਿਆਂ ਤੇਲ ਕੀਮਤਾਂ ਘਟਾ ਕੇ ਕਿਸਾਨਾਂ ਦੇ ਨਾਲ ਨਾਲ ਆਮ ਆਦਮੀ ਤੇ ਵਪਾਰ ਤੇ ਇੰਡਸਟਰੀ ਨੂੰ ਬਹੁਤ ਲੋੜੀਂਦੀ ਰਾਹਤ ਪ੍ਰਦਾਨ ਕਰੇ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਤੇਲ 'ਤੇ ਵਧਾਏ ਗਏ ਸੂਬੇ ਦੇ ਵੈਟ ਨੂੰ ਵਾਪਸ ਲੈਣਾ ਚਾਹੀਦਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ 16 ਦਿਨਾਂ ਵਿਚ ਤੇਲ ਕੀਮਤਾਂ ਵਿਚ ਚੋਖਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਦੇਸ਼ ਦੇ ਅਰਥਚਾਰੇ 'ਤੇ ਬਹੁਤ ਦਬਾਅ ਪਿਆ ਹੈ ਜਦਕਿ ਇਹ ਪਹਿਲਾਂ ਹੀ ਕੋਰੋਨਾ ਲਾਕ ਡਾਊਨ ਦੇ ਕਾਰਨ ਬੇਹਤਾਸ਼ਾ ਮਾਰ ਹੇਠ ਆਇਆ ਹੈ। ਉਹਨਾਂ ਕਿਹਾ ਕਿ 16 ਦਿਨਾਂ ਵਿਚ ਪੈਟਰੋਲ ਦੀ ਕੀਮਤ 9.21 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 8.55 ਰੁਪਏ ਪ੍ਰਤੀ ਲੀਟਰ ਵਧਾਈ ਗਈ ਹੈ। ਉਹਨਾਂ ਕਿਹਾ ਕਿ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਰਿਟੇਲ ਕੀਮਤਾਂ 'ਤੇ ਟੈਕਸ ਦੋ ਤਿਹਾਈ ਹੋ ਗਿਆ ਹੈ।

ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਤੇਲ ਕੀਮਤਾਂ ਵਿਚ ਪਿਛੇ ਜਿਹੇ ਹੋਏ ਵਾਧੇ ਨਾਲ ਕਿਸਾਨ ਤੇ ਆਮ ਆਦਮੀ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ। ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਝੋਨੇ ਦੀ ਲੁਆਈ ਵੇਲੇ ਲੇਬਰ ਕੀਮਤਾਂ ਵਿਚ ਭਾਰੀ ਵਾਧੇ ਦੀ ਮਾਰ ਝੱਲ ਚੁੱਕੇ ਹਨ ਤੇ ਹੁਣ ਤੇਲ ਕੀਮਤਾਂ ਵਿਚ ਹੈਰਾਨੀਜਨਕ ਵਾਧਾ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਆਮ ਆਦਮੀ ਨੇ ਵੀ ਤੇਲ ਕੀਮਤਾਂ ਵਿਚ ਵਾਧੇ ਦੇ ਮਾਰੂ ਅਸਰ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਤੇਲ ਕੀਮਤਾਂ ਵਿਚ ਵਾਧਾ ਸਪਲਾਈ ਚੇਨ ਨੂੰ ਵੀ ਪ੍ਰਭਾਵਤ ਕਰ ਰਿਹਾ ਹੈ ਤੇ ਇਸ ਨਾਲ ਮਹਾਂਮਾਰੀ ਵੇਲੇ ਜ਼ਰੂਰੀ ਵਸਤਾਂ ਦੀ ਸਪਲਾਈ ਦੇਣ ਵਾਲਿਆਂ 'ਤੇ ਵੀ ਬੋਝ ਪੈ ਰਿਹਾ ਹੈ।

Sukhbir Singh Badal urges centre to bring down fuel prices to give relief to farmers and the common man ਤੇਲ ਕੀਮਤਾਂ ਘਟਾ ਕੇ ਕਿਸਾਨਾਂ ਤੇ ਆਮ ਆਦਮੀ ਨੂੰ ਦਿੱਤੀ ਜਾਵੇਰਾਹਤ :  ਸੁਖਬੀਰ ਸਿੰਘ ਬਾਦਲ

ਸ੍ਰੀ ਬਾਦਲ ਨੇ ਕਿਹਾ ਕਿ ਇਹ ਵਾਧਾ ਵਾਪਸ ਲੈਣਾ ਇਸ ਲਈ ਵੀ ਵਾਜਬ ਹੋਵੇਗਾ ਕਿਉਂਕਿ ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਅਣਕਿਆਸੀ ਗਿਰਾਵਟ ਆਈ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੇਲ ਕੰਪਨੀਆਂ ਨੂੰ ਹਦਾਇਤ ਦੇਣ ਕਿ ਕੌਮਾਂਤਰੀ  ਬਜ਼ਾਰ ਵਿਚ ਤੇਲ ਕੀਮਤਾਂ ਵਿਚ ਹੋਈ ਗਿਰਾਵਟ ਦਾ ਲਾਭ ਆਮ ਆਦਮੀ ਨੂੰ ਦਿੱਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਵੀ ਕਿਸਾਨਾਂ ਅਤੇ ਆਮ ਆਦਮੀ ਦੇ ਹਿੱਤ ਵਿਚ ਤੇਲ ਕੀਮਤਾਂ 'ਤੇ ਸੂਬੇ ਦੇ ਵੈਟ ਵਿਚ ਕੀਤਾ ਗਿਆ ਵਾਧਾ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ ਪੈਟਰੋਲ ਦੀ ਕੀਮਤ 'ਤੇ 3.20 ਰੁਪਏ ਅਤੇ ਡੀਜ਼ਲ ਦੀ ਕੀਮਤ 'ਤੇ 2.53 ਰੁਪਏ ਪ੍ਰਤੀ ਲੀਟਰ ਵੈਟ ਵਧਾਇਆ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹ ਚੰਗੀ ਤਰ੍ਹਾਂ ਸਮਝਦੀ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਸੂਬੇ ਵਿਚੋਂ ਹਿਜਰਤ ਕਰ ਜਾਣ ਕਾਰਨ ਝੋਨੇ ਦੀ ਲੁਆਈ ਲਈ ਦੁੱਗਣੀਆਂ ਲੇਬਰ ਕੀਮਤਾਂ ਅਦਾ ਕਰਨੀਆਂ ਪਈਆਂ ਹਨ। ਉਹਨਾਂ ਕਿਹਾ ਕਿ ਵਪਾਰ ਤੇ ਇੰਡਸਟਰੀ ਵੀ ਮਾਰ ਹੇਠ ਹੈ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਨੂੰ ਅਰਥਚਾਰੇ  ਨੂੰ ਸੁਰਜੀਤ ਕਰਨ ਵਾਸਤੇ ਆਰਥਿਕ ਪੈਕੇਜ ਦੇਣਾ ਚਾਹੀਦਾ ਹੈ ਨਾ ਕਿ ਲੋਕਾਂ 'ਤੇ  ਨਵਾਂ ਬੋਝ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤੇਲ ਕੀਮਤਾਂ 'ਤੇ ਸੂਬੇ ਦੇ ਵੈਟ ਵਿਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

-PTCNews

Related Post