ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਵੱਲੋਂ 1984 ’ਚ ਕੀਤੇ ਸਿੱਖ ਕਤਲੇਆਮ ਬਾਰੇ ਵੀ ਸੰਗਤ ਨੂੰ ਦੱਸਣ- ਐਡਵੋਕੇਟ ਧਾਮੀ

By  Riya Bawa January 4th 2022 03:10 PM -- Updated: January 4th 2022 03:11 PM

ਅੰਮ੍ਰਿਤਸਰ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖੇ ਜਾਣ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰੰਧਾਵਾ ਨੂੰ ਆਪਣੀ ਪੀੜ੍ਹੀ ਹੇਠ ਝਾਕਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਥਕ ਮਸਲਿਆਂ ਵਿਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਇਸ ਦੀ ਮਾਂ ਪਾਰਟੀ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਕੇ ਸਿੱਖ ਕੌਮ ਦੇ ਖਾਤਮੇ ਦਾ ਕੋਝਾ ਯਤਨ ਕੀਤਾ ਸੀ।

Advocate Harjinder Singh Dhami is new SGPC president; know more

ਉਨ੍ਹਾਂ ਸਵਾਲ ਕੀਤਾ ਕਿ ਕੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਵੱਲੋਂ ਕੀਤੇ ਗਏ ਸਿੱਖ ਕਤਲੇਆਮ ਬਾਰੇ ਵੀ ਸੰਗਤ ਨੂੰ ਜਾਣੂ ਕਰਵਾਉਣ ਦੀ ਹਿੰਮਤ ਕਰਨਗੇ? ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦੇ ਉੱਪ ਮੁੱਖ ਮੰਤਰੀ ਨੂੰ ਜੂਨ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੋਲੀਆਂ ਨਾਲ ਜ਼ਖ਼ਮੀ ਕੀਤੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੱਲ ਧਿਆਨ ਦਵਾਉਂਦਿਆਂ ਆਖਿਆ ਕਿ ਕਾਂਗਰਸ ਵੱਲੋਂ ਕੀਤੀ ਇਹ ਬੇਅਦਬੀ ਸਿੱਖ ਮਾਨਸਿਕਤਾ ਦਾ ਸਦੀਵ ਹਿੱਸਾ ਬਣ ਚੁੱਕੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਨੂੰ ਕਦੀ ਨਹੀਂ ਭੁੱਲਣਗੀਆਂ।

ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀ ਕਾਂਗਰਸ ਜਮਾਤ ਦੇ ਆਗੂਆਂ ਨੂੰ ਪੰਥ ਦੀਆਂ ਗੱਲਾਂ ਕਰਨ ਦਾ ਕੋਈ ਹੱਕ ਨਹੀਂ ਅਤੇ ਸਿੱਖਾਂ ਦੀ ਕਾਤਲ ਜਮਾਤ ਦੇ ਆਗੂਆਂ ਨੂੰ ਆਪਣੀ ਪਾਰਟੀ ਦੇ ਕੁਕਰਮਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।

Harjinder Singh Dhami likely to be 46th SGPC president

ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਤੇ ਇਸ ਦੇ ਮਾਨਯੋਗ ਜਥੇਦਾਰ ਸਾਹਿਬ ਦੀ ਸ਼ਾਨ ਬਹੁਤ ਉੱਚੀ ਹੈ। ਪ੍ਰੰਤੂ ਕਾਂਗਰਸ ਦੇ ਇਹ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਨੂੰ ਢਾਹ ਲਗਾਉਣ ਦੇ ਰਸਤੇ ਤੁਰੇ ਹੋਏ ਹਨ। ਇਨ੍ਹਾਂ ਦਾ ਮੰਤਵ ਕੌਮ ਅੰਦਰ ਸੰਕਟ ਪੈਦਾ ਕਰਨਾ ਹੈ। ਇਸ ਦੀ ਮਿਸਾਲ ਬੀਤੇ ਦਿਨਾਂ ’ਚ ਆਪੇ ਬਣੇ ਜਥੇਦਾਰਾਂ ਸਾਹਮਣੇ ਇਨ੍ਹਾਂ ਆਗੂਆਂ ਦਾ ਸੜਕ ’ਤੇ ਖੜ੍ਹ ਕੇ ਪੇਸ਼ ਹੋਣਾ ਹੈ। ਇਹ ਲੋਕ ਅਜਿਹੀਆਂ ਹਰਕਤਾਂ ਕੇਵਲ ਪੰਥ ਨੂੰ ਕਮਜ਼ੋਰ ਕਰਨ ਦੀ ਮਨਸ਼ਾ ਨਾਲ ਹੀ ਕਰ ਰਹੇ ਹਨ। ਉਨ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਹੱਦ ਅੰਦਰ ਰਹਿਣ ਅਤੇ ਪੰਥਕ ਮਸਲਿਆਂ ਵਿਚ ਦਖ਼ਲ ਨਾ ਦੇਣ।

-PTC News

Related Post