ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਪਾਲ ਖਹਿਰਾ ਖ਼ਿਲਾਫ ਰਾਜਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ

By  Jashan A February 17th 2019 07:07 PM

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਪਾਲ ਖਹਿਰਾ ਖ਼ਿਲਾਫ ਰਾਜਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਥਿਆਰਬੰਦ ਦਸਤਿਆਂ ਦਾ ਮਨੋਬਲ ਡੇਗਣ ਲਈ ਕੀਤੀਆਂ ਜਾ ਰਹੀਆਂ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਆਪ ਦੇ ਬਾਗੀ ਆਗੂ ਸੁਖਪਾਲ ਖਹਿਰਾ ਖ਼ਿਲਾਫ ਰਾਜਧ੍ਰੋਹ ਦਾ ਕੇਸ ਦਰਜ ਕਰਨ ਅਤੇ ਤੁਰੰਤ ਗਿਰਫਤਾਰੀ ਕਰਨ ਦੀ ਮੰਗ ਕੀਤੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਕਰਨਲ ਸੀਡੀ ਸਿੰਘ ਕੰਬੋਜ ਨੇ ਕਿਹਾ ਕਿ ਸੁਖਪਾਲ ਖਹਿਰਾ ਖਿਲਾਫ ਪਾਕਿਸਤਾਨੀ ਏਜੰਸੀ ਆਈਐਸਆਈ ਦਾ ਪਿਆਦਾ ਬਣਨ ਅਤੇ ਦੇਸ਼ ਅੰਦਰ ਦੁਸ਼ਮਣ ਦਾ ਕੂੜ-ਪ੍ਰਚਾਰ ਕਰਨ ਲਈ ਸੈਕਸ਼ਨ 124 (ਏ ) ਤਹਿਤ ਕੇਸ ਦਰਜ ਕੀਤਾ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਮੈਂਬਰ ਕਰਨਲ ਕੰਬੋਜ ਨੇ ਕਿਹਾ ਕਿ ਖਹਿਰਾ ਨੇ ਫੌਜੀ ਜਵਾਨਾਂ ਵਿਰੁੱਧ ਘਿਣਾਉਣੇ ਦੋਸ਼ ਲਾ ਕੇ ਉਹਨਾਂ ਦਾ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਖਹਿਰਾ ਨੇ ਪਾਕਿਸਤਾਨ ਦੀ ਆਈਐਸਆਈ ਨਾਲ ਮਿਲ ਗਿਆ ਹੈ ਅਤੇ ਉਹਨਾਂ ਵੱਲੋਂ ਕਸ਼ਮੀਰ ਵਿਚ ਭਾਰਤੀ ਫੌਜ ਉੱਤੇ ਬਲਾਤਕਾਰ ਦੇ ਲਾਏ ਝੂਠੇ ਦੋਸ਼ਾਂ ਨੂੰ ਦੁਹਰਾ ਕੇ ਪਾਕਿਸਤਾਨ ਦਾ ਬੁਲਾਰਾ ਬਣ ਗਿਆ ਹੈ।

ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਭਾਰਤੀ ਫੌਜ ਦੁਨੀਆਂ ਦੀ ਸਭ ਤੋਂ ਵੱਧ ਅਨੁਸਾਸ਼ਨਬੱਧ ਫੌਜ ਹੈ ਅਤੇ ਇਸ ਨੇ ਹਮੇਸ਼ਾਂ ਦੀ ਸਥਾਨਕ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕਸ਼ਮੀਰ ਵਿਚ ਫੌਜੀ ਜਵਾਨਾਂ ਨੂੰ ਫੌਜੀ ਖੇਤਰਾਂ ਤੋਂ ਦੂਰ ਜਾਣ ਦੀ ਆਗਿਆ ਨਹੀਂ ਹੁੰਦੀ ਹੈ।

ਖਹਿਰਾ ਨੂੰ ਪਾਕਿਸਤਾਨੀ ਜਨਰਲਾਂ ਦੇ ਹੱਥਾਂ ਦੀ ਕਠਪੁਤਲੀ ਬਣਨ ਤੋਂ ਵਰਜਦਿਆਂ ਅਕਾਲੀ ਆਗੂ ਨੇ ਕਿਹਾ ਕਿ ਖਹਿਰਾ ਵੱਲੋਂ ਕਸ਼ਮੀਰ ਵਿਚ ਭਾਰਤੀ ਫੌਜ ਦੇ ਬਗਾਵਤ ਨਾਲ ਨਜਿੱਠਣ ਸੰਬੰਧੀ ਕੀਤੀਆਂ ਟਿੱਪਣੀਆਂ ਵੀ ਇਤਰਾਜ਼ਯੋਗ ਹਨ। ਉਹਨਾਂ ਕਿਹਾ ਕਿ ਖਹਿਰਾ ਨੂੰ ਬੇਤੁਕੀ ਬਿਆਨਬਾਜ਼ੀ ਕਰਨ ਦੀ ਥਾਂ ਖੁਦ ਨੂੰ ਫੌਜ ਦੀ ਜਗ੍ਹਾ ਰੱਖ ਕੇ ਵੇਖਣਾ ਚਾਹੀਦਾ ਹੈ, ਤਦ ਹੀ ਉਸ ਨੂੰ ਅਹਿਸਾਸ ਹੋਵੇਗਾ ਕਿ ਉਸ ਦੀਆਂ ਟਿੱਪਣੀਆਂ ਨੇ ਹਥਿਆਰਬੰਦ ਦਸਤਿਆਂ ਅਤੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਕਿੰਨੀ ਸੱਟ ਮਾਰੀ ਹੈ।

ਖਹਿਰਾ ਵੱਲੋਂ ਭਾਰਤੀ ਫੌਜ ਬਾਰੇ ਕੀਤੀਆਂ ਟਿੱਪਣੀਆਂ ਮੰਦਭਾਗੀਆਂ ਕਰਾਰ ਦਿੰਦਿਆ ਕਰਨਲ ਕੰਬੋਜ ਨੇ ਕਿਹਾ ਕਿ ਉਸ ਨੇ ਅਜਿਹੇ ਸਮੇਂ ਇਹ ਟਿੱਪਣੀਆਂ ਕਰਨ ਦੀ ਗੁਸਤਾਖੀ ਕੀਤੀ ਹੈ, ਜਦੋਂ ਪੂਰਾ ਮੁਲਕ ਸੋਗ ਵਿਚ ਡੁੱਬਿਆ ਹੋਇਆ ਹੈ। ਇਹ ਗੱਲ ਗਰਮਖਿਆਲੀ ਗਰੁੱਪਾਂ ਵੱਲੋ ਸੋਸ਼ਲ ਮੀਡੀਆ ਉੱਤੇ ਕੀਤੇ ਜਾਂਦੇ ਭਾਰਤ-ਵਿਰੋਧੀ ਪ੍ਰਚਾਰ ਨਾਲ ਮੇਲ ਖਾਂਦੀ ਹੈ। ਇਸ ਗੱਲ ਦੀ ਪਰਖ ਹੋਣੀ ਚਾਹੀਦੀ ਹੈ ਕਿ ਖਹਿਰਾ ਨੇ ਪੂਰੀ ਤਰ੍ਹਾਂ ਜਾਣਦੇ ਹੋਏ ਕਿ ਇਸ ਤਰ੍ਹਾਂ ਕਰਨ ਨਾਲ ਉਹ ਰਾਸ਼ਟਰ-ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡੇਗਾ, ਅਜਿਹੀ ਟਿੱਪਣੀਆਂ ਕਿਉਂ ਕੀਤੀਆਂ?

-PTC News

Related Post