SGPC ਦੇ ਪ੍ਰਧਾਨ ਨੇ ਜਨਤਕ ਕੀਤੇ ਸਹਾਇਤਾ ਵੇਰਵੇ

By  Pardeep Singh October 18th 2022 04:36 PM -- Updated: October 18th 2022 04:37 PM

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੋੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ 10 ਮਹੀਨਿਆਂ ਦੌਰਾਨ ਧਰਮ ਪ੍ਰਚਾਰ ਲਹਿਰ ਤਹਿਤ 61 ਹਜ਼ਾਰ ਦੇ ਕਰੀਬ ਸੰਗਤਾਂ ਨੂੰ ਅੰਮ੍ਰਿਤ ਛਕਾਉਣ ਦੀ ਜਾਣਕਾਰੀ ਦਿੱਤੀ, ਉਥੇ ਹੀ ਸਿੱਖ ਸੰਸਥਾ ਵੱਲੋਂ ਵੱਖ-ਵੱਖ ਫੰਡਾਂ ਤਹਿਤ ਦਿੱਤੀ ਗਈ ਸਹਾਇਤਾ ਦੇ ਵੀ ਵੇਰਵੇ ਜਨਤਕ ਕੀਤੇ।

ਉਨ੍ਹਾਂ ਦੱਸਿਆ ਕਿ ਬੰਦੀ ਸਿੰਘਾਂ ਦੇ ਕੇਸਾਂ ਵਿਚ ਮਦਦ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਵਜੋਂ ਹੁਣ ਤੱਕ 1.37 ਕਰੋੜ ਰੁਪਏ ਖਰਚੇ ਗਏ ਹਨ। ਕਿਸਾਨ ਸੰਘਰਸ਼ ਦੌਰਾਨ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ 2.85 ਕਰੋੜ ਰੁਪਏ, ਧਰਮੀ ਫ਼ੌਜੀਆਂ ਨੂੰ 8.85 ਕਰੋੜ ਰੁਪਏ, ਕੈਂਸਰ ਪੀੜਤਾਂ ਨੂੰ 31.91 ਕਰੋੜ ਰੁਪਏ, ਜੋਧਪੁਰ ਨਜ਼ਰਬੰਦ ਰਹੇ ਸਿੰਘਾਂ ਲਈ 2.42 ਕਰੋੜ ਰੁਪਏ, ਜੰਮੂ ਕਸ਼ਮੀਰ ਹੜ੍ਹ ਪੀੜਤਾਂ ਨੂੰ 1.15 ਕਰੋੜ ਰੁਪਏ, ਧਰਮ ਅਰਥ ਫੰਡ ਤਹਿਤ ਲੋੜਵੰਦਾਂ ਨੂੰ 14.79 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਬੀਤੇ ਸਾਲ ਦੌਰਾਨ ਅੰਮ੍ਰਿਤਧਾਰੀ ਵਿਦਿਆਰਥੀਆਂ, ਧਾਰਮਿਕ ਪ੍ਰੀਖਿਆ ਤੇ ਸਿਕਲੀਗਰ ਵਣਜਾਰੇ ਸਿੱਖਾਂ ਆਦਿ ਨੂੰ ਵੱਡੀ ਸਹਾਇਤਾ ਦਿੱਤੀ ਗਈ ਹੈ। ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸਾਲ 2021-2022 ਦੌਰਾਨ 2.10 ਕਰੋੜ ਰੁਪਏ ਦੇ ਵਜ਼ੀਫੇ, ਅੰਮ੍ਰਿਤਧਾਰੀ ਬੱਚੀਆਂ ਨੂੰ ਮੁਫ਼ਤ ਵਿਦਿਆ ਲਈ 52.35 ਲੱਖ ਰੁਪਏ, ਸਿਕਲੀਗਰ ਦੇ ਵਣਜਾਰੇ ਸਿੱਖਾਂ ਲਈ 43.48 ਲੱਖ ਰੁਪਏ, ਧਾਰਮਿਕ ਪ੍ਰੀਖਿਆ ਦੇਣ ਵਾਲੇ ਬੱਚਿਆਂ ਨੂੰ 23.87 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਮਸਲਿਆਂ ਦੀ ਪੈਰਵਾਈ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵਚਨਬਧ ਹੈ ਅਤੇ ਰਹੇਗੀ।

 ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਅਗਵਾਈ ਵਿਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਸਾਕਾ ਸ੍ਰੀ ਪੰਜਾ ਸਾਹਿਬ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ ਵੱਲੋਂ ਜਿੱਤੀ ਗਈ ਐਸਐਨਬੀਪੀ ਆਲ ਇੰਡੀਆ ਚੈਂਪੀਅਨਸ਼ਿਪ ਅਤੇ ਸੂਬਾ ਪੱਧਰੀ ਗਤਕਾ ਮੁਕਾਬਲਿਆਂ ਵਿਚ ਸ਼੍ਰੋਮਣੀ ਕਮੇਟੀ ਟੀਮ ਵੱਲੋਂ ਜੇਤੂ ਰਹਿਣ ’ਤੇ ਵਧਾਈ ਦਿੰਦਿਆਂ ਸਨਮਾਨ ਕਰਨ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ:SGPC ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 9 ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ 

-PTC News

Related Post