ਟੈਂਡਰ ਘੁਟਾਲਾ: ਲੁਧਿਆਣਾ ਦੇ ਵੱਡੇ ਕਾਰੋਬਾਰੀਆਂ 'ਤੇ ਵਿਜੀਲੈਂਸ ਵਿਭਾਗ ਦੀ ਨਜ਼ਰ

By  Pardeep Singh September 5th 2022 11:40 AM

ਲੁਧਿਆਣਾ: ਟਰਾਂਸਪੋਰਟ ਟੈਂਡਰ ਘਪਲੇ ’ਚ ਵਿਜੀਲੈਂਸ ਵਿਭਾਗ ਲੁਧਿਆਣਾ ਦੇ ਵੱਡੇ ਕਾਰੋਬਾਰੀਆਂ ਉੱਤੇ ਨਜ਼ਰ ਰੱਖ ਰਿਹਾ ਹੈ। ਉਧਰ ਵਿਜੀਲੈਂਸ ਵਿਭਾਗ ਵੱਲੋਂ ਵਾਟਸਐਪ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਮੋਬਾਈਲ ਨਾਲ ਸੰਬੰਧਿਤ ਸਾਰੀ ਜਾਣਕਾਰੀ ਇਕੱਠੀ ਕਰਨ ਲਈ ਟੈਕਨੀਕਲ ਟੀਮ ਕੰਮ ਕਰ ਰਹੀ ਹੈ। ਵਿਜੀਲੈਂਸ ਵਿਭਾਗ ਨੂੰ ਸ਼ੱਕ ਹੈ ਕਿ ਇਸ ਘੁਟਾਲੇ ਵਿੱਚ ਕਈ ਵੱਡੇ ਕਾਰੋਬਾਰੀਆਂ ਦਾ ਹੱਥ ਹੋਣ ਸੰਭਾਵਨਾ ਹੈ। ਵਿਜੀਲੈਂਸ ਦਾ ਇੱਥੇ ਤੱਕ ਸ਼ੱਕ ਹੈ ਕਿ ਵੱਡੇ ਕਾਰੋਬਾਰੀਆਂ ਵੱਲੋਂ ਪੈਸੇ ਇਨਵੈਸਟ ਕੀਤੇ ਗਏ ਸਨ।

ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਆਸ਼ੂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਵਿੱਚ ਹੈ ਪਰ ਆਸ਼ੂ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਹੋਈ ਹੈ, ਜਿਸ ਦੀ ਸੁਣਵਾਈ 7 ਸਤੰਬਰ ਨੂੰ ਹੋਵੇਗੀ।

ਵਿਜੀਲੈਂਸ ਵਿਭਾਗ ਆਸ਼ੂ ਦੇ ਕਈ ਕਰੀਬੀਆਂ ਦਾ ਰਿਕਾਰਡ ਵੀ ਖੰਗਾਲ ਰਹੀ ਹੈ। ਸੂਤਰਾਂ ਦੇ ਮੁਤਾਬਕ ਵਿਜੀਲੈਂਸ ਵਿਭਾਗ ਆਉਣ ਵਾਲੇ ਦਿਨਾਂ ਵਿਚ ਇਕ ਹੋਰ ਐਫਆਈਆਰ ਰਜਿਸਟਰ ਕਰ ਸਕਦਾ ਹੈ ਜਿਸ ਦੇ ਵਿਚ ਕਈ ਵੱਡੇ ਨਾਮ ਸ਼ਾਮਿਲ ਹੋਣਗੇ। ਆਸ਼ੂ ਦੇ ਜੇਲ੍ਹ ਜਾਣ 'ਤੇ ਤਿੰਨ ਦਿਨ ਬਾਅਦ ਆਸ਼ੂ ਨੇ ਆਪਣੀ ਜ਼ਮਾਨਤ ਲੁਧਿਆਣਾ ਦੀ ਕੋਰਟ ਵਿਚ ਲਾਈ ਸੀ ਇਸ ਜ਼ਮਾਨਤ 'ਤੇ ਪੰਜ ਵਕੀਲਾਂ ਨੇ ਸਾਈਨ ਕੀਤੇ ਫਿਲਹਾਲ ਇਸ ਦੀ ਸੁਣਵਾਈ ਹੁਣ ਸੱਤ ਤਰੀਕ ਨੂੰ ਹੋਵੇਗੀ।

ਘੁਟਾਲੇ ਦੇ ਮੁਲਜ਼ਮ ਸੰਦੀਪ ਭਾਟੀਆ ਅਤੇ ਜਗਰੂਪ ਸਿੰਘ ਨੇ ਵੀ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਜੱਜ ਡਾ: ਅਜੀਤ ਅੱਤਰੀ ਨੇ ਸ਼ਨੀਵਾਰ ਨੂੰ ਰੱਦ ਕਰ ਦਿੱਤਾ। ਇਸ ਮਾਮਲੇ ਵਿੱਚ ਸੰਦੀਪ ਭਾਟੀਆ ਦੇ ਵਕੀਲ ਪਵਨ ਕੁਮਾਰ ਘਈ ਅਤੇ ਜਗਰੂਪ ਸਿੰਘ ਦੇ ਵਕੀਲ ਆਰ.ਐਸ.ਅਟਵਾਲ ਪੇਸ਼ ਹੋਏ ਸਨ ਪਰ ਜੱਜ ਨੇ ਦੋਵਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਅਮਨਦੀਪ ਸਿੰਘ ਸਰਕਾਰ ਦੀ ਤਰਫੋਂ ਸਰਕਾਰੀ ਵਕੀਲ ਵਜੋਂ ਇਸ ਕੇਸ ਵਿੱਚ ਸ਼ਾਮਲ ਹੋਏ ਸਨ।

ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਆਸ਼ੂ ਨੂੰ ਵਿਜੀਲੈਂਸ ਨੇ ਸੈਲੂਨ ਤੋਂ ਗ੍ਰਿਫ਼ਤਾਰ ਕੀਤਾ ਸੀ। ਆਸ਼ੂ 8 ਦਿਨਾਂ ਤੋਂ ਵਿਜੀਲੈਂਸ ਕੋਲ ਰਿਮਾਂਡ 'ਤੇ ਸੀ। ਆਸ਼ੂ ਨੂੰ ਬੁੱਧਵਾਰ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ। ਆਸ਼ੂ ਨੂੰ ਪਹਿਲਾਂ ਲੁਧਿਆਣਾ ਜੇਲ੍ਹ ਲਿਜਾਇਆ ਜਾ ਰਿਹਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਆਸ਼ੂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਅਦਾਲਤ ਨੇ ਵਿਜੀਲੈਂਸ ਤੋਂ ਇਸ ਮਾਮਲੇ ਦਾ ਸਾਰਾ ਰਿਕਾਰਡ ਤਲਬ ਕੀਤਾ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ 16 ਅਗਸਤ 2022 ਨੂੰ ਐਫਆਈਆਰ ਨੰਬਰ 11 ਦਰਜ ਕੀਤੀ ਗਈ ਸੀ। ਆਸ਼ੂ 'ਤੇ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਇਲਜ਼ਾਮ ਹੈ। ਆਸ਼ੂ 'ਤੇ ਛੋਟੇ ਠੇਕੇਦਾਰਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਟੈਂਡਰਾਂ ਵਿੱਚ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਗਏ ਸਨ।

ਇਹ ਵੀ ਪੜ੍ਹੋ:CM ਭਗਵੰਤ ਮਾਨ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਕੀਤੇ ਅਹਿਮ ਐਲਾਨ

-PTC News

Related Post